ਸੋਨੇ ਦੀਆਂ ਕੀਮਤਾਂ 65,000 ਰੁ: ਪ੍ਰਤੀ 10 ਗ੍ਰਾਮ ਤੱਕ ਵਧਣ ਦੀ ਸੰਭਾਵਨਾ!
Wednesday, Nov 11, 2020 - 02:25 PM (IST)
ਨਵੀਂ ਦਿੱਲੀ— ਮਹਾਮਾਰੀ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲਾਂ ਨਾਲੋਂ ਕਿਤੇ ਕੀਮਤੀ ਬਣ ਚੁੱਕਾ ਸੋਨਾ ਇਸ ਸਾਲ ਆਪਣੇ ਸਰਵਉੱਚ ਪੱਧਰ ਤੱਕ ਲਗਭਗ 44 ਫ਼ੀਸਦੀ ਰਿਟਰਨ ਦੇ ਚੁੱਕਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਫਿਲਹਾਲ ਸੋਨੇ 'ਚ ਉਥਲ-ਪੁਥਲ ਜਾਰੀ ਰਹੇਗੀ ਪਰ ਇਸ ਪੱਧਰ 'ਤੇ ਸਮਰਥਨ ਮਿਲਣ ਨਾਲ ਇਹ ਇਕ ਵਾਰ ਫਿਰ 65,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਪਾਰ ਜਾ ਸਕਦਾ ਹੈ।
ਇਕ ਰਿਪੋਰਟ ਮੁਤਾਬਕ, ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਵਿਚਕਾਰ ਨਿਵੇਸ਼ਕਾਂ ਦੇ ਪੋਰਟਫੋਲੀਓ ਦੀ ਸੁਰੱਖਿਆ ਦੇ ਨਾਲ-ਨਾਲ ਸੋਨਾ ਸ਼ਾਨਦਾਰ ਰਿਟਰਨ ਦਿੰਦੇ ਹੋਏ ਉਮੀਦਾਂ 'ਤੇ ਖਰਾ ਉਤਰਿਆ ਹੈ। ਰਾਜਨੀਤਕ ਅਨਿਸ਼ਚਿਤਤਾ ਤੇ ਨਿਵੇਸ਼ ਦੀ ਮੰਗ ਨੇ ਵੀ ਸੋਨੇ ਦੀਆਂ ਕੀਮਤਾਂ ਨੂੰ ਵਧਣ 'ਚ ਸਮਰਥਨ ਦਿੱਤਾ ਹੈ। ਰੈਲੀਗੇਅਰ ਬ੍ਰੋਕਿੰਗ ਦੀ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।
ਹਾਲਾਂਕਿ, ਮੌਜੂਦਾ ਸਮੇਂ ਸੋਨਾ ਸਰਵਉੱਚ ਪੱਧਰ ਤੋਂ ਲਗਭਗ 10 ਫੀਸਦੀ ਹੇਠਾਂ ਚੱਲ ਰਿਹਾ ਹੈ ਪਰ ਨਿਰਸੰਦੇਹ ਇਹ ਇਸ ਸਾਲ ਸਭ ਤੋਂ ਪਸੰਦੀਦਾ ਨਿਵੇਸ਼ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐੱਮ. ਸੀ. ਐਕਸ. 'ਤੇ ਸੋਨਾ ਬੇਸ਼ੱਕ ਆਪਣੇ ਅਗਸਤ ਦੀ ਸ਼ੁਰੂਆਤ ਦੇ 56,191 ਰੁਪਏ ਪ੍ਰਤੀ ਦਸ ਗ੍ਰਾਮ ਦੇ ਸਿਖ਼ਰ ਤੋਂ ਹੇਠਾਂ ਆ ਚੁੱਕਾ ਹੈ ਪਰ ਹੁਣ ਵੀ ਇਹ ਪਿਛਲੇ ਸਾਲ ਨਾਲੋਂ 30 ਫੀਸਦੀ ਰਿਟਰਨ ਨਾਲ ਮਜਬੂਤ ਖੜ੍ਹਾ ਹੈ। ਰਿਪੋਰਟ ਦਾ ਕਹਿਣਾ ਹੈ ਕਿ ਭਾਵੇਂ ਹੀ ਤੇਜ਼ ਵਾਧੇ ਪਿੱਛੋਂ ਕੀਮਤਾਂ 'ਚ ਅਸਥਿਰਤਾ ਬਣੀ ਰਹਿ ਸਕਦੀ ਹੈ ਪਰ ਮੱਧਮ ਅਵਧੀ ਦੇ ਨਜ਼ਰੀਏ ਤੋਂ 47,00-47,200 ਦੇ ਹੇਠਲੇ ਪੱਧਰ 'ਤੇ ਕਿਸੇ ਵੀ ਤਰ੍ਹਾਂ ਦੀ ਅਨਿਸ਼ਚਤਿਤਾ ਕੀਮਤਾਂ ਨੂੰ ਸਮਰਥਨ ਦੇ ਸਕਦੀ ਹੈ। ਸਾਲਾਨਾ ਨਜ਼ਰੀਏ ਤੋਂ ਕੀਮਤਾਂ 65,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਉਪਰ ਜਾਣ ਦੀ ਉਮੀਦ ਹੈ।