ਸੋਨੇ ਦੀ ਕੀਮਤ ਘੱਟ ਕੇ ਹੋਈ ਇੰਨੀ, ਜਾਣੋ ਦਸ ਗ੍ਰਾਮ ਲਈ ਕਿੰਨਾ ਹੋਵੇਗਾ ਖਰਚ

02/27/2020 3:32:38 PM

ਨਵੀਂ ਦਿੱਲੀ—  ਵਿਦੇਸ਼ਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਰਹੀ ਤੇਜ਼ੀ ਵਿਚਕਾਰ ਸਰਾਫਾ ਬਾਜ਼ਾਰ 'ਚ ਜਿਊਲਰੀ ਗਾਹਕੀ ਫਿੱਕੀ ਰਹਿਣ ਨਾਲ ਵੀਰਵਾਰ ਨੂੰ ਸੋਨੇ ਦੀ ਕੀਮਤ 90 ਰੁਪਏ ਘੱਟ ਕੇ 43,820 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਚਾਂਦੀ ਵੀ 40 ਰੁਪਏ ਮਾਮੂਲੀ ਡਿੱਗ ਕੇ 48,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ।

 

ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 5.75 ਡਾਲਰ ਚਮਕ ਕੇ 1,649.15 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਥੇ ਹੀ, ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 6.70 ਡਾਲਰ ਦੀ ਬੜ੍ਹਤ ਨਾਲ 1,649.80 ਡਾਲਰ ਪ੍ਰਤੀ ਔਂਸ 'ਤੇ ਜਾ ਪੁੱਜਾ। ਬਾਜ਼ਾਰ ਮਾਹਰਾਂ ਮੁਤਾਬਕ, ਕੋਰੋਨਾਵਾਇਰਸ ਦੀ ਚਿੰਤਾ ਕਾਰਨ ਨਿਵੇਸ਼ਕ ਸਟਾਕ ਬਾਜ਼ਾਰਾਂ 'ਚ ਪੈਸਾ ਲਾਉਣ ਦੀ ਬਜਾਏ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨਾ ਖਰੀਦ ਰਹੇ ਹਨ, ਜਿਸ ਨਾਲ ਕੌਮਾਂਤਰੀ ਬਾਜ਼ਾਰ 'ਚ ਇਸ ਦੀ ਕੀਮਤ ਚੜ੍ਹ ਗਈ।

ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.15 ਡਾਲਰ ਦੀ ਮਜਬੂਤੀ ਨਾਲ 18.04 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਘਰੇਲੂ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 44,000 ਰੁਪਏ ਨੂੰ ਵੀ ਪਾਰ ਕਰ ਗਈਆਂ ਸਨ। ਕੋਰੋਨਾ ਵਾਇਰਸ ਕਾਰਨ ਗਲੋਬਲ ਇਕਨੋਮੀ 'ਤੇ ਖਾਸਾ ਪ੍ਰਭਾਵ ਪੈ ਰਿਹਾ ਹੈ, ਜਿਸ ਕਾਰਨ ਨਿਵੇਸ਼ਕ ਪੈਸੇ ਸੁਰੱਖਿਅਤ ਕਰਨ ਲਈ ਸੋਨੇ ਵੱਲ ਮੁੜ ਰਹੇ ਹਨ। ਕਈ ਕੰਪਨੀਆਂ 'ਚ ਪ੍ਰਾਡਕਸ਼ਨ ਠੱਪ ਜਾਂ ਸੀਮਤ ਹੈ। ਇਹੀ ਕਾਰਨ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਜੇਕਰ ਕੌਮਾਂਤਰੀ ਬਾਜ਼ਾਰ 'ਚ ਸੋਨਾ 1,700 ਡਾਲਰ ਪ੍ਰਤੀ ਔਂਸ ਤੱਕ ਪਹੁੰਚਦਾ ਹੈ ਤਾਂ ਭਾਰਤੀ ਬਾਜ਼ਾਰ 'ਚ ਵੀ ਇਹ 45,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਉਪਰ ਜਾ ਸਕਦਾ ਹੈ।


Related News