ਸੋਨਾ 210 ਰੁਪਏ ਸਸਤਾ, ਚਾਂਦੀ 450 ਰੁਪਏ ਚਮਕੀ
Wednesday, Feb 20, 2019 - 02:49 PM (IST)

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੂਫਾਨੀ ਤੇਜ਼ੀ ਦੇ ਦੌਰਾਨ ਉੱਚੇ ਭਾਅ 'ਤੇ ਖੁਦਰਾ ਗਹਿਣਾ ਖਰੀਦ 'ਚ ਆਈ ਸੁਸਤੀ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 210 ਰੁਪਏ ਫਿਸਲ ਕੇ 34,470 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਉਦਯੋਗਿਕ ਗਾਹਕੀ ਵਧਣ ਨਾਲ ਚਾਂਦੀ 450 ਰੁਪਏ ਦੀ ਛਲਾਂਗ ਲਗਾ ਕੇ ਅੱਠ ਮਹੀਨੇ ਦੇ ਸਭ ਤੋਂ ਉੱਚੇ ਪੱਧਰ 41,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਲੰਡਨ ਦਾ ਸੋਨਾ ਹਾਜ਼ਿਰ 4.20 ਡਾਲਰ ਦੇ ਵਾਧੇ 'ਚ 1,343.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 0.60 ਡਾਲਰ ਦੀ ਮਜ਼ਬੂਤੀ ਦੇ ਨਾਲ 1,345.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਫੇਡਰਲ ਰਿਜ਼ਰਵ ਦੀ ਮੀਟਿੰਗ ਦੇ ਮਿੰਟਸ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕਾਂ ਨੇ ਸਾਵਧਾਨੀ ਵਰਤਦੇ ਹੋਏ ਪੀਲੀ ਧਾਤੂ 'ਚ ਨਿਵੇਸ਼ ਨੂੰ ਜ਼ਿਆਦਾ ਤਰਜ਼ੀਹ ਦਿੱਤੀ। ਇਸ ਤੋਂ ਇਲਾਵਾ ਅਮਰੀਕੀ ਦੇ ਸਰਕਾਰੀ ਬਾਂਡ ਯੀਲਡ 'ਚ ਆਈ ਗਿਰਾਵਟ ਕਾਰਨ ਦੁਨੀਆ ਦੀਆਂ ਹੋਰ ਛੇ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਵੀ ਸੋਨੇ ਦੀ ਚਮਕ ਵਧੀ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.08 ਡਾਲਰ ਦੀ ਤੇਜ਼ੀ ਨਾਲ 16.02 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।