ਸੋਨਾ ਖਰੀਦਦਾਰਾਂ ਲਈ ਵੱਡੀ ਖ਼ਬਰ, ਜਾਣੋ 10 ਗ੍ਰਾਮ ਗੋਲਡ ਤੇ ਚਾਂਦੀ ਦਾ ਤਾਜ਼ਾ ਮੁੱਲ

10/12/2020 8:30:57 PM

ਮੁੰਬਈ— ਭਾਰਤੀ ਕਰੰਸੀ 'ਚ ਗਿਰਾਵਟ ਤੇ ਸਕਾਰਾਤਮਕ ਗਲੋਬਲ ਸੰਕੇਤਾਂ ਕਾਰਨ ਮੁੰਬਈ ਪ੍ਰਚੂਨ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 278 ਰੁਪਏ ਵੱਧ ਕੇ 51,156 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਮਾਮਲੇ ਅਤੇ ਸੰਯੁਕਤ ਰਾਜ ਅਮਰੀਕਾ ਵੱਲੋਂ ਆਰਥਿਕ ਪੈਕੇਜ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਸੋਨੇ ਦੀ ਖਰੀਦਦਾਰੀ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਬਣੀ ਹੋਈ ਹੈ।

ਉੱਥੇ ਹੀ, ਇਸ ਵਿਚਕਾਰ ਮੁੰਬਈ 'ਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 46,859 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂ ਕਿ 18 ਕੈਰੇਟ ਦੀ ਕੀਮਤ 38,367 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਹਾਲਾਂਕਿ, ਸੋਨੇ ਦੇ ਹਰ ਪ੍ਰਕਾਰ 'ਚ ਤੇਜ਼ੀ ਦਾ ਰੁਖ਼ ਹੈ। ਇਸ ਵਿਚਕਾਰ ਕ੍ਰਿਸਿਲ ਰਿਸਰਚ ਦਾ ਅਨੁਮਾਨ ਹੈ ਕਿ ਸੋਨੇ ਦੀਆਂ ਉੱਚ ਕੀਮਤਾਂ ਅਤੇ ਕਮਜ਼ੋਰ ਗਲੋਬਲ ਮੰਗ ਕਾਰਨ ਮੌਜੂਦਾ ਵਿੱਤੀ ਵਰ੍ਹੇ 'ਚ ਰਤਨ ਤੇ ਗਹਿਣਾ ਖੇਤਰ ਦੋਹਰਾ ਝਟਕਾ ਲੱਗੇਗਾ।

ਇਸ ਦੌਰਾਨ ਚਾਂਦੀ 9 ਅਕਤੂਬਰ ਦੇ ਬੰਦ ਪੱਧਰ ਤੋਂ 1,500 ਰੁਪਏ ਮਹਿੰਗੀ ਹੋ ਕੇ ਅੱਜ 62,606 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ 'ਤੇ ਮਹਾਮਾਰੀ ਦਾ ਪ੍ਰਕੋਪ, ਹੌਲੀ ਗਤੀ ਨਾਲ ਆਰਥਿਕ ਸੁਧਾਰ ਅਤੇ ਰਾਜਨੀਤਕ ਚਿੰਤਾਵਾਂ ਕਾਰਨ ਆਉਣ ਵਾਲੇ ਦਿਨਾਂ 'ਚ ਨਿਵੇਸ਼ਕਾਂ ਨੂੰ ਨਿਰਾਸ਼ਾ ਹੋ ਸਕਦੀ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ 'ਚ ਵਾਧਾ ਜਾਰੀ ਦੇਖਣ ਨੂੰ ਮਿਲ ਸਕਦਾ ਹੈ। ਉੱਥੇ ਹੀ, ਵਾਇਦਾ ਬਾਜ਼ਾਰ 'ਚ ਕੀਮਤਾਂ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਐੱਮ. ਸੀ. ਐਕਸ. 'ਤੇ ਦਸੰਬਰ ਡਿਲਿਵਰੀ ਵਾਲੇ ਸੋਨੇ ਦੀ ਕੀਮਤ ਇਸ ਤੋਂ ਪਿਛਲੇ ਬੰਦ ਪੱਧਰ 50,817 ਰੁਪਏ ਤੋਂ ਵੱਧ ਕੇ 51,184 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਗਈ, ਜਦੋਂ ਕਿ ਚਾਂਦੀ 64,138 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਗਈ। ਪਿਛਲੇ ਕਾਰੋਬਾਰੀ ਦਿਨ ਚਾਂਦੀ 62,853 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ।


Sanjeev

Content Editor

Related News