ਔਰਤਾਂ ਨੂੰ ਪੁਰਾਣੇ ਸੋਨੇ ਦੇ ਗਹਿਣੇ ਵੇਚਣਾ ਪਵੇਗਾ ਮਹਿੰਗਾ, ਸਰਕਾਰ ਕਰ ਸਕਦੀ ਹੈ ਇਹ ਬਦਲਾਅ
Tuesday, Aug 18, 2020 - 10:01 AM (IST)
ਨਵੀਂ ਦਿੱਲੀ : ਪੁਰਾਣੇ ਸੋਨੇ ਦੇ ਗਹਿਣੇ ਜਾਂ ਸੋਨਾ ਵੇਚਣ 'ਤੇ ਮਿਲਣ ਵਾਲੀ ਰਾਸ਼ੀ 'ਤੇ ਆਉਣ ਵਾਲੇ ਸਮੇਂ 'ਚ 3 ਫੀਸਦੀ ਜੀ. ਐੱਸ. ਟੀ. ਅਦਾ ਕਰਨਾ ਪੈ ਸਕਦਾ ਹੈ। ਆਉਣ ਵਾਲੀ ਜੀ. ਐੱਸ. ਟੀ. ਪਰਿਸ਼ਦ ਦੀ ਬੈਠਕ 'ਤੇ ਇਸ 'ਤੇ ਫ਼ੈਸਲਾ ਹੋ ਸਕਦਾ ਹੈ। ਹਾਲ ਹੀ 'ਚ ਸੂਬਿਆਂ ਦੇ ਵਿੱਤ ਮੰਤਰੀਆਂ ਦੇ ਇਕ ਸਮੂਹ (ਜੀ. ਓ. ਐੱਮ.) 'ਚ ਪੁਰਾਣੇ ਸੋਨੇ ਅਤੇ ਗਹਿਣਿਆਂ ਦੀ ਵਿਕਰੀ 'ਤੇ 3 ਫ਼ੀਸਦੀ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਗਾਉਣ ਦੇ ਪ੍ਰਸਤਾਵ 'ਤੇ ਲਗਭਗ ਸਹਿਮਤੀ ਬਣ ਗਈ ਹੈ। ਕੇਰਲ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰੀ ਸਮੂਹ 'ਚ ਕੇਰਲ, ਬਿਹਾਰ, ਪੰਜਾਬ, ਕਰਨਾਟਕ ਅਤੇ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਸ਼ਾਮਲ ਹਨ। ਇਸ ਮੰਤਰੀ ਸਮੂਹ ਦਾ ਗਠਨ ਸੋਨੇ ਅਤੇ ਬੇਸ਼ਕੀਮਤੀ ਰਤਨਾਂ ਦੇ ਟ੍ਰਾਂਸਪੋਰਟ ਲਈ ਈ-ਵੇ ਬਿਲ ਦੇ ਅਮਲ ਦੀ ਸਮੀਖਿਆ ਲਈ ਕੀਤਾ ਗਿਆ ਸੀ। ਮੰਤਰੀ ਸਮੂਹ ਦੀ ਬੈਠਕ ਵੀਡੀਓ ਕਾਨਫਰੰਸ ਰਾਹੀਂ ਹੋਈ।
ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜੇ ਕੋਈ ਸੂਬਾ ਸੋਨੇ ਲਈ ਈ-ਵੇ ਬਿੱਲ ਦਾ ਐਗਜ਼ੀਕਿਊਸ਼ਨ ਕਰਨਾ ਚਾਹੁੰਦਾ ਹੈ ਤਾਂ ਉਹ ਸੂਬੇ ਦੇ ਅੰਦਰ ਸੋਨੇ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਣ ਦੇ ਮਾਮਲਿਆਂ 'ਚ ਅਜਿਹਾ ਕਰ ਸਕਦਾ ਹੈ। ਹਾਲਾਂਕਿ ਜੀ. ਓ. ਐੱਮ. ਦਾ ਮੰਨਣਾ ਹੈ ਕਿ ਇਕ ਸੂਬੇ ਤੋਂ ਦੂਜੇ ਸੂਬੇ 'ਚ ਸੋਨੇ ਦੀ ਟ੍ਰਾਂਸਪੋਰਟ ਲਈ ਈ-ਵੇ ਬਿੱਲ ਦਾ ਐਗਜ਼ੀਕਿਊਸ਼ਨ ਰਸਮੀ ਨਹੀਂ ਹੋਵੇਗਾ। ਈ-ਵੇ ਬਿੱਲ ਦੇ ਤਹਿਤ ਸੋਨੇ ਨੂੰ ਲਿਆਉਣ ਦੀ ਤਿਆਰੀ ਟੈਕਸ ਚੋਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਸੋਨੇ ਤੋਂ ਮਿਲਣ ਵਾਲੇ ਮਾਲੀਏ 'ਚ ਕਮੀ ਆਈ ਹੈ। ਇਸ ਕਾਰਣ ਇਹ ਤਿਆਰੀ ਕੀਤੀ ਜਾ ਰਹੀ ਹੈ।
ਦੁਕਾਨਦਾਰਾਂ ਲਈ ਈ-ਵੇ ਬਿੱਲ ਦੇਣਾ ਲਾਜ਼ਮੀ ਹੋਵੇਗਾ
ਜੀ. ਓ. ਐੱਮ. ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸੋਨੇ ਅਤੇ ਗਹਿਣੇ ਦੀਆਂ ਦੁਕਾਨਾਂ ਨੂੰ ਹਰੇਕ ਖਰੀਦ ਅਤੇ ਵਿਕਰੀ ਲਈ ਈ-ਇਨਵਾਇਸ (ਈ-ਵੇ ਬਿੱਲ) ਕੱਢਣਾ ਹੋਵੇਗਾ। ਇਹ ਕਦਮ ਟੈਕਸ ਚੋਰੀ ਰੋਕਣ ਲਈ ਚੁੱਕਿਆ ਜਾ ਸਕਦਾ ਹੈ। ਹਾਲੇ ਵੀ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ 'ਚ ਕਈ ਥਾਂ ਸੋਨੇ ਦੀ ਵਿਕਰੀ ਤੋਂ ਬਾਅਦ ਦੁਕਾਨਦਾਰ ਕੱਚਾ ਬਿਲ ਦਿੰਦੇ ਹਨ। ਇਹ ਪੂਰੀ ਪ੍ਰਕਿਰਿਆ ਟੈਕਸ ਚੋਰੀ ਰੋਕਣ ਅਤੇ ਕਾਲਾ ਧਨ ਖਪਾਉਣ ਲਈ ਹੁੰਦੀ ਹੈ। ਹੁਣ ਇਸ 'ਤੇ ਰੋਕ ਲਗਾਉਣ ਲਈ ਈ-ਵੇ ਬਿੱਲ ਕੱਢਣਾ ਲਾਜ਼ਮੀ ਕਰਨ ਦਗੀ ਤਿਆਰੀ ਹੈ।
ਇਸ ਤਰ੍ਹਾਂ ਵਸੂਲਿਆਂ ਜਾ ਸਕਦਾ ਹੈ ਟੈਕਸ
ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਜੇ ਕੋਈ ਜਿਊਲਰ ਪੁਰਾਣੇ ਗਹਿਣੇ ਤੁਹਾਡੇ ਤੋਂ ਖਰੀਦਦਾ ਹੈ ਤਾਂ ਉਹ ਰਿਵਰਸ ਟੈਕਸ ਦੇ ਰੂਪ 'ਚ ਤਿੰਨ ਫੀਸਦੀ ਜੀ. ਐੱਸ. ਟੀ. ਤੁਹਾਡੇ ਤੋਂ ਵਸੂਲ ਕਰੇਗਾ। ਜੇ ਤੁਸੀਂ ਇਕ ਲੱਖ ਰੁਪਏ ਦੇ ਪੁਰਾਣੇ ਗਹਿਣੇ ਵੇਚਦੇ ਹੋ ਤਾਂ ਜੀ. ਐੱਸ. ਟੀ. ਦੇ ਰੂਪ 'ਚ 3000 ਰੁਪਏ ਕੱਟ ਲਏ ਜਾਣਗੇ। ਉਥੇ ਹੀ ਜੇ ਕੋਈ ਜਿਊਲਰਸ ਬਿਨਾਂ ਜੀ. ਐੱਸ. ਟੀ. ਦੇ ਸੋਨੇ ਦੇ ਗਹਿਣੇ ਖਰੀਦਦਾ ਹੈ ਤਾਂ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ।
ਸੋਨੇ ਦੇ ਮੇਕਿੰਗ ਚਾਰਜ 'ਤੇ 5 ਫ਼ੀਸਦੀ ਜੀ. ਐੱਸ. ਟੀ.
ਇਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸੋਨੇ 'ਤੇ ਜੀ. ਐੱਸ. ਟੀ. ਅਤੇ ਸੋਨੇ ਦੇ ਮੇਕਿੰਗ ਚਾਰਜ 'ਤੇ ਜੀ. ਐੱਸ. ਟੀ. ਵੱਖ-ਵੱਖ ਹੈ। ਸੋਨੇ ਦੇ ਮੇਕਿੰਗ ਚਾਰਜ 'ਤੇ 5 ਫ਼ੀਸਦੀ ਜੀ. ਐੱਸ. ਟੀ. ਦਰ ਤੈਅ ਕੀਤੀ ਗਈ ਹੈ, ਇਸ ਲਈ ਸੋਨੇ ਦੇ ਗਹਿਣੇ ਖਰੀਦਦੇ ਸਮੇਂ ਇਹ ਧਿਆਨ ਰੱਖੋ ਕਿ ਸੋਨੇ ਦੇ ਗਹਿਣੇ 'ਤੇ ਵੱਖ ਜੀ. ਐੱਸ. ਟੀ. ਅਤੇ ਸੋਨੇ ਦੇ ਮੇਕਿੰਗ ਚਾਰਜ 'ਤੇ ਵੱਖ ਜੀ. ਐੱਸ. ਟੀ. ਦੀ ਰਸੀਦ ਤੁਹਾਨੂੰ ਮਿਲੇ। ਜੇ ਜਿਊਲਰਸ ਅਜਿਹਾ ਨਹੀਂ ਕਰਦੇ ਹਨ ਤਾਂ ਤੁਸੀਂ ਇਸ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਗਾਹਕ ਦੇ ਦੂਰ ਹੋਣ ਨਾਲ ਭਾਰੀ ਸੰਕਟ 'ਚ ਜਿਊਲਰਸ
ਕੋਰੋਨਾ ਸੰਕਟ ਕਾਰਣ ਸੋਨੇ ਦੀ ਕੀਮਤ 'ਚ ਉਛਾਲ ਆਉਣ ਨਾਲ ਸਰਾਫਾ ਕਾਰੋਬਾਰੀ (ਜਿਊਲਰਸ) ਪ੍ਰੇਸ਼ਾਨ ਹਨ। ਬਾਜ਼ਾਰ 'ਚ ਸੋਨੇ ਦੀ ਟ੍ਰੇਡਿੰਗ ਤਾਂ ਹੋ ਰਹੀ ਹੈ ਪਰ ਦੁਕਾਨ 'ਤੇ ਗਾਹਕ ਨਹੀਂ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲਾਕਡਾਊਨ 'ਚ ਢਿੱਲ ਦੇ ਬਾਵਜੂਦ ਆਮ ਦਿਨਾਂ ਦੇ ਮੁਕਾਬਲੇ ਸਿਰਫ 20 ਤੋਂ 25 ਫੀਸਦੀ ਕਾਰੋਬਾਰ ਹੋ ਰਿਹਾ ਹੈ। ਆਉਣ ਵਾਲੇ ਤਿਓਹਾਰੀ ਸੀਜ਼ਨ 'ਚ ਵੀ ਦੁਕਾਨ 'ਤੇ ਮੰਗ ਵਧਣ ਦੀ ਉਮੀਦ ਨਹੀਂ ਹੈ। ਇਸ ਨੂੰ ਦੇਖਦੇ ਹੋਏ ਰਤਨ-ਗਹਿਣਾ ਸੰਗਠਨ ਨੇ ਸਰਕਾਰ ਤੋਂ 900 ਕਰੋੜ ਰੁਪਏ ਦੀ ਮਦਦ ਮੰਗੀ ਹੈ।