ਸੋਨਾ ਪਹੁੰਚਿਆ 53 ਹਜ਼ਾਰ ਤੋਂ ਪਾਰ ਤੇ ਚਾਂਦੀ ਹੋਈ 70 ਹਜ਼ਾਰੀ, ਚੈੱਕ ਕਰੋ ਅੱਜ ਦੇ ਭਾਅ
Monday, Apr 18, 2022 - 01:27 PM (IST)
ਨਵੀਂ ਦਿੱਲੀ - ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਜਿੱਥੇ ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਧੜਾਮ ਹੋ ਗਿਆ ਉਥੇ ਹੀ ਦੂਜੇ ਪਾਸੇ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਗਲੋਬਲ ਬਾਜ਼ਾਰ 'ਚ ਕੀਮਤਾਂ ਵਧਣ ਨਾਲ ਭਾਰਤੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਸੋਮਵਾਰ ਸਵੇਰੇ ਸੋਨੇ ਦੀ ਕੀਮਤ ਇਕ ਮਹੀਨੇ ਦੇ ਉੱਚੇ ਪੱਧਰ 'ਤੇ ਪਹੁੰਚ ਗਈ। ਮਲਟੀਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਅੱਜ ਸੋਨੇ ਦੀ ਫਿਊਚਰ ਕੀਮਤ 0.75 ਫੀਸਦੀ ਵਧ ਕੇ 53,392 ਰੁਪਏ 'ਤੇ ਪਹੁੰਚ ਗਈ, ਜਦਕਿ ਚਾਂਦੀ ਵੀ 1.34 ਫੀਸਦੀ ਵਧ ਗਈ ਅਤੇ ਇਸ ਦੀ ਕੀਮਤ 69,957 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ ।
ਇਹ ਵੀ ਪੜ੍ਹੋ : 5% ਟੈਕਸ ਸਲੈਬ ਨੂੰ ਹਟਾ ਸਕਦੀ ਹੈ GST ਕੌਂਸਲ, ਕੁਝ ਉਤਪਾਦਾਂ ਲਈ ਨਵੀਆਂ ਦਰਾਂ ਸੰਭਵ
ਗਲੋਬਲ ਬਾਜ਼ਾਰ 'ਚ ਵੀ ਵਧੀਆਂ ਹਨ ਕੀਮਤਾਂ
ਰੂਸ-ਯੂਕਰੇਨ ਯੁੱਧ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਗਲੋਬਲ ਬਾਜ਼ਾਰ 'ਤੇ ਇਸ ਦਾ ਅਸਰ ਫਿਰ ਤੋਂ ਦਿਖਾਈ ਦੇਣ ਲੱਗਾ ਹੈ। ਨਿਵੇਸ਼ਕ ਇੱਕ ਵਾਰ ਫਿਰ ਸੁਰੱਖਿਅਤ ਨਿਵੇਸ਼ ਪਨਾਹਗਾਹ ਵਜੋਂ ਸੋਨੇ ਵੱਲ ਭੱਜ ਰਹੇ ਹਨ। ਵਿਸ਼ਵ ਬਾਜ਼ਾਰ 'ਚ ਸੋਨੇ ਦੀ ਹਾਜ਼ਿਰ ਕੀਮਤ 0.5 ਫੀਸਦੀ ਵਧ ਕੇ 1,984.58 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਹ 14 ਮਾਰਚ ਤੋਂ ਬਾਅਦ ਸੋਨੇ ਦੀ ਸਭ ਤੋਂ ਉੱਚੀ ਕੀਮਤ ਹੈ। ਚਾਂਦੀ ਦੀ ਹਾਜ਼ਰੀ ਕੀਮਤ ਵੀ 0.7 ਫੀਸਦੀ ਵਧ ਕੇ 25.87 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਹੋਰ ਕੀਮਤੀ ਧਾਤਾਂ ਵਿਚ, ਪਲੈਟੀਨਮ ਦੀਆਂ ਕੀਮਤਾਂ 1.2 ਪ੍ਰਤੀਸ਼ਤ ਵਧ 1,001.57 ਡਾਲਰ ਅਤੇ ਪੈਲੇਡੀਅਮ 1.6 ਫ਼ੀਸਦੀ ਚੜ੍ਹ ਕੇ 2,406.85 ਡਾਲਰ ਪਹੁੰਚ ਗਈ ਹੈ।'
ਮਹਿੰਗਾਈ ਨੇ ਸੋਨੇ ਨੂੰ ਹੋਰ ਚਮਕਾਇਆ
ਭਾਰਤ, ਅਮਰੀਕਾ ਸਮੇਤ ਦੁਨੀਆ ਭਰ 'ਚ ਮਹਿੰਗਾਈ ਵਧਣ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਅਮਰੀਕਾ 'ਚ ਪ੍ਰਚੂਨ ਮਹਿੰਗਾਈ 40 ਸਾਲ ਦੇ ਉੱਚੇ ਪੱਧਰ 'ਤੇ ਹੈ ਅਤੇ ਜੇਕਰ ਉੱਥੇ ਵਿਆਜ ਦਰਾਂ ਵਧਦੀਆਂ ਹਨ ਤਾਂ ਸੋਨੇ ਦੀ ਕੀਮਤ 2,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਜਾਵੇਗੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 27 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਇਸ ਦਾ ਸਿੱਧਾ ਅਸਰ ਭਾਰਤੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਇੱਕ ਪੰਦਰਵਾੜੇ ਵਿੱਚ ਸੋਨੇ ਦੀਆਂ ਵਾਇਦਾ ਕੀਮਤਾਂ ਵਿਚ 826 ਅਤੇ ਚਾਂਦੀ ਵਿਚ 1545 ਦਾ ਵਾਧਾ
ਇਸ ਤਰ੍ਹਾਂ ਸ਼ੁੱਧਤਾ ਦੀ ਜਾਂਚ ਕਰੋ
ਇੱਥੇ ਦੱਸ ਦੇਈਏ ਕਿ ਗਹਿਣੇ ਬਣਾਉਣ ਲਈ ਜ਼ਿਆਦਾਤਰ ਸਿਰਫ 22 ਕੈਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਲੋਕ 18 ਕੈਰੇਟ ਸੋਨਾ ਵੀ ਵਰਤਦੇ ਹਨ। ਗਹਿਣਿਆਂ 'ਤੇ ਕੈਰੇਟ ਦੇ ਹਿਸਾਬ ਨਾਲ ਹਾਲ ਮਾਰਕ ਬਣਾਇਆ ਜਾਂਦਾ ਹੈ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੁੰਦਾ ਹੈ।
ਇੱਥੇ ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ
ਐਕਸਾਈਜ਼ ਡਿਊਟੀ, ਰਾਜ ਦੇ ਟੈਕਸਾਂ ਅਤੇ ਮੇਕਿੰਗ ਚਾਰਜਿਜ਼ ਕਾਰਨ ਸੋਨੇ ਦੇ ਗਹਿਣਿਆਂ ਦੀ ਕੀਮਤ ਦੇਸ਼ ਭਰ ਵਿੱਚ ਵੱਖ-ਵੱਖ ਹੁੰਦੀ ਹੈ। ਤੁਸੀਂ ਮੋਬਾਈਲ 'ਤੇ ਆਪਣੇ ਸ਼ਹਿਰ ਵਿਚ ਸੋਨੇ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਜਾਣ ਸਕੋਗੇ ਸੋਨੇ ਦਾ ਤਾਜ਼ਾ ਰੇਟ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੇ ਸ਼ੇਅਰ ਬਾਜ਼ਾਰ ’ਚ ਅਗਲੇ ਇਕ ਹਫਤੇ ਤੱਕ ਬੰਦ ਰਹੇਗਾ ਕਾਰੋਬਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।