ਸੋਨੇ 'ਚ ਗਿਰਾਵਟ ਤੇ ਚਾਂਦੀ ਵੀ ਹੋਈ ਸਸਤੀ, ਜਾਣੋ ਕੀਮਤਾਂ

01/19/2019 2:27:20 PM

ਨਵੀਂ ਦਿੱਲੀ—  ਸ਼ਨੀਵਾਰ ਸਰਾਫਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਸੋਨੇ ਦੀ ਕੀਮਤ 60 ਰੁਪਏ ਟੁੱਟ ਕੇ 33,160 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਡਿੱਗਣ ਨਾਲ ਚਾਂਦੀ ਦੀ ਕੀਮਤ 280 ਰੁਪਏ ਦੀ ਗਿਰਾਵਟ ਨਾਲ 40,100 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। 

ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਪੱਧਰ 'ਤੇ ਸਥਾਨਕ ਜੌਹਰੀਆਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਮੰਗ ਕਮਜ਼ੋਰ ਪੈਣ ਅਤੇ ਗਲੋਬਲ ਬਾਜ਼ਾਰ 'ਚ ਕਮਜ਼ੋਰ ਰੁਝਾਨ ਕਾਰਨ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਵਿਦੇਸ਼ੀ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ ਨੇ ਇੱਥੇ ਕਾਰੋਬਾਰੀ ਧਾਰਨਾ ਨੂੰ ਘਟਾ ਦਿੱਤਾ।

ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨੇ ਦੀ ਕੀਮਤ 0.77 ਫੀਸਦੀ ਦੀ ਗਿਰਾਵਟ ਨਾਲ 1,282.30 ਡਾਲਰ ਅਤੇ ਚਾਂਦੀ ਦੀ ਕੀਮਤ 1.26 ਫੀਸਦੀ ਦੀ ਗਿਰਾਵਟ ਨਾਲ 15.41 ਡਾਲਰ ਪ੍ਰਤੀ ਔਂਸ ਰਹਿ ਗਈ। ਰਾਸ਼ਟਰੀ ਰਾਜਧਾਨੀ 'ਚ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਕ੍ਰਮਵਾਰ 60 ਰੁਪਏ ਦੀ ਗਿਰਾਵਟ ਨਾਲ 33,160 ਰੁਪਏ ਅਤੇ 33,010 ਰੁਪਏ ਪ੍ਰਤੀ 10 ਗ੍ਰਾਮ 'ਤੇ ਬੋਲਿਆ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸੋਨੇ ਦੀ ਕੀਮਤ 80 ਰੁਪਏ ਘਟੀ ਸੀ। ਹਾਲਾਂਕਿ ਗਿੰਨੀ ਦੀ ਕੀਮਤ 25,500 ਰੁਪਏ ਪ੍ਰਤੀ 8 ਗ੍ਰਾਮ 'ਤੇ ਜਿਉਂ ਦੀ ਤਿਉਂ ਰਹੀ। ਇਸ ਦੌਰਾਨ ਹਫਤਾਵਾਰੀ ਡਲਿਵਰੀ ਵਾਲੀ ਚਾਂਦੀ 382 ਰੁਪਏ ਦੀ ਗਿਰਾਵਟ ਨਾਲ 39,198 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।


Related News