ਸੋਨਾ 350 ਰੁਪਏ ਸਸਤਾ, ਚਾਂਦੀ 250 ਰੁਪਏ ਟੁੱਟੀ

10/21/2017 2:32:03 PM

ਨਵੀਂ ਦਿੱਲੀ— ਸਥਾਨਕ ਬਾਜ਼ਾਰ 'ਚ ਦੀਵਾਲੀ ਤੋਂ ਬਾਅਦ ਦੋਹਾਂ ਕੀਮਤੀ ਧਾਤਾਂ ਦੀ ਮੰਗ ਘੱਟ ਗਈ ਹੈ, ਜਿਸ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 350 ਰੁਪਏ ਸਸਤਾ ਹੋ ਕੇ 30,650 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਚਾਂਦੀ ਵੀ ਇਸੇ ਤਰ੍ਹਾਂ 250 ਰੁਪਏ ਘੱਟ ਕੇ 40,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵਿਦੇਸ਼ੀ ਬਾਜ਼ਾਰਾਂ 'ਚ ਹਫਤੇ ਦੇ ਅਖੀਰ 'ਤੇ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਗਿਰਾਵਟ ਨਾਲ ਬੰਦ ਹੋਈਆਂ। 

ਅਮਰੀਕੀ ਸੈਨੇਟ ਵੱਲੋਂ ਮਾਲੀ ਵਰ੍ਹੇ 2018 ਦੇ ਬਜਟ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀ ਖਬਰ ਨਾਲ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਮਜ਼ਬੂਤ ਹੋਇਆ, ਜਿਸ ਨਾਲ ਸੋਨਾ ਦਬਾਅ 'ਚ ਆ ਗਿਆ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ ਗਿਰਾਵਟ ਨਾਲ 1,280.05 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਅਮਰੀਕਾ ਦਾ ਸੋਨਾ ਵਾਇਦਾ ਵੀ 8.2 ਡਾਲਰ ਦੀ ਗਿਰਾਵਟ ਨਾਲ 1,281.80 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਵੀ ਡਿੱਗ ਕੇ 16.97 ਡਾਲਰ ਪ੍ਰਤੀ ਔਂਸ 'ਤੇ ਵਿਕੀ। ਸਥਾਨਕ ਬਾਜ਼ਾਰ 'ਤੇ ਸੁਸਤ ਮੰਗ ਹਾਵੀ ਹੈ। ਇਸ ਵਾਰ ਧਨਤੇਰਸ ਦੇ ਮੌਕੇ 'ਤੇ ਵੀ ਸਰਾਫਾ ਬਾਜ਼ਾਰ 'ਚ ਰੌਣਕ ਠੀਕ-ਠਾਕ ਰਹੀ ਕਿਸੇ ਜਗ੍ਹਾ 'ਤੇ ਜ਼ਿਆਦਾ ਤੇ ਕਿਸੇ 'ਤੇ ਘੱਟ। ਦੀਵਾਲੀ ਅਤੇ ਗੋਵਰਧਨ ਪੂਜਾ ਦੀ ਛੁੱਟੀ ਤੋਂ ਬਾਅਦ ਅੱਜ ਸਰਾਫਾ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਮਾਹਰਾਂ ਮੁਤਾਬਕ, ਸਰਾਫਾ ਕਾਰੋਬਾਰ 'ਤੇ ਸੰਸਾਰਕ ਰੁਖ਼ ਤਾਂ ਹਾਵੀ ਹੈ ਪਰ ਨਾਲ ਹੀ ਸਥਾਨਕ ਮੰਗ ਦੀ ਸੁਸਤੀ ਨਾਲ ਵੀ ਦੋਹਾਂ ਕੀਮਤੀ ਧਾਤਾਂ 'ਤੇ ਦਬਾਅ ਵਧਿਆ ਹੈ।


Related News