ਵਿਆਹ ਦੇ ਸੀਜ਼ਨ ''ਚ ਲੋਕਾਂ ਨੂੰ ਲੱਗੀਆਂ ਮੌਜਾਂ, ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ
Monday, Nov 25, 2024 - 10:10 PM (IST)
ਨਵੀਂ ਦਿੱਲੀ- ਵਿਆਹ ਦੇ ਸੀਜ਼ਨ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਗਾਹਕਾਂ ਅਤੇ ਨਿਵੇਸ਼ਕਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ। MCX (ਮਲਟੀ-ਕਮੋਡਿਟੀ ਐਕਸਚੇਂਜ) 'ਤੇ ਸੋਨਾ 2200 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 3000 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਸਸਤੀ ਹੋ ਗਈ।
ਅੰਤਰਰਾਸ਼ਟਰੀ ਬਾਜ਼ਾਰ ਦਾ ਪ੍ਰਭਾਵ
ਕੋਮੈਕਸ (COMEX) 'ਚ ਸੋਨੇ ਦੀਆਂ ਕੀਮਤਾਂ 'ਚ 2.75 ਫੀਸਦੀ ਦੀ ਗਿਰਾਵਟ ਦੇ ਚਲਦੇ ਭਾਰਤੀ ਬਾਜ਼ਾਰ 'ਚ ਵੀ ਇਸਦਾ ਪ੍ਰਭਾਵ ਪਿਆ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਹ ਗਿਰਾਵਟ ਮੁੱਖ ਰੂਪ ਨਾਲ ਨਿਵੇਸ਼ਕਾਂ ਵੱਲੋਂ ਮੁਨਾਫਾਵਸੂਲੀ ਅਤੇ ਕਮਜ਼ੋਰ ਮੰਗ ਕਾਰਨ ਆਈ ਹੈ।
ਸਪਾਟ ਮਾਰਕੀਟ ਦਾ ਅਸਰ
ਮੰਗਲਵਾਰ ਨੂੰ ਭਾਰਤੀ ਸਪਾਟ ਮਾਰਕੀਟ 'ਚ ਵੀ ਇਸ ਗਿਰਾਵਟ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਣ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਕੀਮਤਾਂ ਹੋਰ ਵੀ ਘੱਟ ਸਕਦੀਆਂ ਹਨ, ਖਾਸ ਕਰਕੇ ਵਿਆਹਾਂ ਦੇ ਸੀਜ਼ਨ 'ਚ ਮੰਗ ਨੂੰ ਉਤਸ਼ਾਹ ਦੇਣ ਲਈ।
ਗਾਹਕਾਂ ਲਈ ਮੌਕਾ
ਵਿਆਹ ਲਈ ਗਹਿਣਿਆਂ ਦੀ ਖਰੀਦਦਾਰੀ ਕਰਨ ਵਾਲਿਆਂ ਨੂੰ ਇਸ ਗਿਰਾਵਟ ਨਾਲ ਵੱਡੀ ਰਾਹਤ ਮਿਲੇਗੀ। ਨਾਲ ਹੀ ਇਹ ਸਮਾਂ ਨਿਵੇਸ਼ਕਾਂ ਲਈ ਵੀ ਚੰਗਾ ਮੌਕਾ ਹੋ ਸਕਦਾ ਹੈ ਕਿਉਂਕਿ ਕੀਮਤਾਂ ਘੱਟ ਹੋਣ 'ਤੇ ਖਰੀਦਦਾਰੀ ਨਾਲ ਬਿਹਤਰ ਰਿਟਰਨ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਮੁੱਖ ਕਾਰਨ
ਮਾਹਿਰਾਂ ਅਨੁਸਾਰ, ਭੂ-ਰਾਜਨੀਤਿਕ ਤਣਾਅ 'ਚ ਕਮੀ ਕਾਰਨ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਬਣੀ ਨਹੀਂ ਰਹਿ ਸਕੀ। ਇਸ ਤੋਂ ਇਲਾਵਾ ਪਿਛਲੇ ਹਫਤੇ ਕੀਮਤਾਂ 'ਚ ਆਏ ਜ਼ਬਰਦਸਤ ਉਛਾਲ ਤੋਂ ਬਾਅਦ ਮੁਨਾਫਾਵਸੂਲੀ ਸ਼ੁਰੂ ਕਰ ਦਿੱਤੀ।
ਗਲੋਬਲ ਬਾਜ਼ਾਰਾਂ ਦੀ ਸਥਿਤੀ
ਅੰਤਰਰਾਸ਼ਟਰੀ ਬਾਜ਼ਾਰ 'ਚ ਕੋਮੈਕਸ ਗੋਲਡ ਫਿਊਚਰਜ਼ 1.49 ਫੀਸਦੀ ਡਿੱਗ ਕੇ 2,696.40 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਰੂਸ-ਯੂਕਰੇਨ ਸੰਕਟ ਕਾਰਨ ਪਿਛਲੇ ਹਫਤੇ ਸੋਨਾ ਕਰੀਬ 6 ਫੀਸਦੀ ਵਧਿਆ ਸੀ ਪਰ ਹੁਣ ਮੁਨਾਫਾਵਸੂਲੀ ਕਾਰਨ ਇਸ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਏਸ਼ੀਆਈ ਬਾਜ਼ਾਰ 'ਚ ਚਾਂਦੀ ਦੀ ਕੀਮਤ ਵੀ 1.7 ਫੀਸਦੀ ਡਿੱਗ ਕੇ 31.24 ਡਾਲਰ ਪ੍ਰਤੀ ਔਂਸ 'ਤੇ ਆ ਗਈ। ਵਿਸ਼ਲੇਸ਼ਕਾਂ ਦੇ ਅਨੁਸਾਰ, ਹੋਰ ਕੀਮਤਾਂ ਅਮਰੀਕੀ ਫੈਡਰਲ ਰਿਜ਼ਰਵ ਦੇ ਫੈਸਲਿਆਂ ਅਤੇ ਵਿਸ਼ਵ ਆਰਥਿਕ ਸਥਿਤੀਆਂ 'ਤੇ ਨਿਰਭਰ ਕਰਨਗੀਆਂ। ਹੋਰ ਕੀਮਤਾਂ ਦਾ ਨਿਰਧਾਰਨ ਫੈਡਰਲ ਰਿਜ਼ਰਵ ਦੀ ਫੈਡਰਲ ਓਪਨ ਮਾਰਕੀਟ ਕਮੇਟੀ (FOMC) ਦੀ ਮੀਟਿੰਗ ਅਤੇ ਹਫਤਾਵਾਰੀ ਬੇਰੋਜ਼ਗਾਰੀ ਦਾਅਵਿਆਂ ਦੇ ਮਿੰਟਾਂ 'ਤੇ ਨਿਰਭਰ ਕਰੇਗਾ। ਇਹ ਕਾਰਕ ਨਿਵੇਸ਼ਕਾਂ ਨੂੰ ਸੰਕੇਤ ਦੇਣਗੇ ਕਿ ਅਮਰੀਕੀ ਡਾਲਰ ਅਤੇ ਵਿਆਜ ਦਰਾਂ ਦਾ ਭਾਅ ਕਿਵੇਂ ਹੋਵੇਗਾ, ਜੋ ਸੋਨੇ ਦੀ ਮੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ।