ਸੋਨੇ ਦੀ ਚਮਕ ਬਰਕਰਾਰ, 80,000 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਸਕਦੀ ਹੈ ਕੀਮਤ

07/07/2020 12:15:35 PM

ਨਵੀਂ ਦਿੱਲੀ (ਕ.) : ਕੋਰੋਨਾ ਮਹਾਮਾਰੀ ਕਾਰਨ ਨਿਵੇਸ਼ਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦਰਮਿਆਨ ਸੋਨੇ ਦੀ ਚਮਕ ਲਗਾਤਾਰ ਵੱਧਦੀ ਜਾ ਰਹੀ ਹੈ ਯਾਨੀ ਇਸ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਮੇਸ਼ਾ ਦੇਖਿਆ ਗਿਆ ਹੈ ਕਿ ਜਦੋਂ ਵੀ ਸ਼ੇਅਰ ਬਾਜ਼ਾਰ 'ਚ ਨੁਕਸਾਨ ਦਾ ਖਦਸ਼ਾ ਹੋਵੇ, ਡਾਲਰ ਦੀ ਤੁਲਨਾ 'ਚ ਹੋਰ ਮੁਦਰਾ ਕਮਜ਼ੋਰ ਪੈਣ ਦੀ ਨੌਬਤ ਹੋਵੇ ਤਾਂ ਸੋਨੇ ਦੇ ਰੇਟ 'ਚ ਉਛਾਲ ਦੇਖਿਆ ਜਾਂਦਾ ਹੈ। ਪਿਛਲੇ ਇਕ ਸਾਲ 'ਚ ਹੀ ਸੋਨੇ ਦੀ ਕੀਮਤਾਂ 'ਚ ਲਗਭਗ 25 ਫ਼ੀਸਦੀ ਤੋਂ ਵੱਧ ਦਾ ਉਛਾਲ ਆਇਆ ਹੈ। 19 ਜੁਲਾਈ 2019 ਨੂੰ ਸੋਨੇ ਦੀ ਕੀਮਤ 35,382 ਰੁਪਏ ਸੀ ਜੋ ਹੁਣ 48,000 ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਪਹੁੰਚ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਕੋਰੋਨਾ ਲੰਮੇ ਸਮੇਂ ਤੱਕ ਚਲਦਾ ਹੈ ਤਾਂ ਇਸ ਦੇ ਕਾਰਣ ਬਾਜ਼ਾਰ 'ਚ ਅਨਿਸ਼ਚਿਤਤਾ ਬਣੀ ਰਹਿੰਦੀ ਹੈ ਤਾਂ ਕੀਮਤ ਹੋਰ ਵਧੇਗੀ।

ਜੂਨ ਦੇ ਪਹਿਲੇ ਅੱਧ 'ਚ ਇਕ ਹੱਦ 'ਚ ਬੱਝੀ ਰਹੀ ਕੀਮਤੀ ਧਾਤੂ ਮਹੀਨੇ ਦੇ ਦੂਜੇ ਅੱਧ 'ਚ ਉੱਭਰੀ ਹੈ। ਸੰਸਾਰਿਕ ਆਰਥਿਕਤਾ 'ਤੇ ਕੋਵਿਡ-19 ਦੇ ਪ੍ਰਭਾਵ ਦੇ ਬਾਵਜੂਦ 30 ਜੂਨ ਨੂੰ ਸੋਨੇ ਦੀਆਂ ਕੀਮਤਾਂ ਪਿਛਲੇ 8 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਰਹੀਆਂ। ਸੋਨੇ ਦੀਆਂ ਕੀਮਤਾਂ ਜੂਨ ਦੇ ਖ਼ਤਮ ਹੋਣ 'ਤੇ 2.8 ਫ਼ੀਸਦੀ ਦੇ ਵਾਧੇ ਨਾਲ 1800.5 ਡਾਲਰ ਪ੍ਰਤੀ ਓਂਸ ਰਹੀਆਂ। ਉੱਧਰ ਵਾਈਟ ਮੈਟਲ (ਚਾਂਦੀ) ਦੀਆਂ ਕੀਮਤਾਂ 0.23 ਫੀਸਦੀ ਦੇ ਮੌਨ ਵਾਧੇ ਨਾਲ 18.5 ਡਾਲਰ ਪ੍ਰਤੀ ਓਂਸ ਹੀ ਰਹੀਆਂ। ਜੂਨ ਮਹੀਨੇ 'ਚ ਘਰੇਲੂ ਬਾਜ਼ਾਰ 'ਚ ਸੋਨਾ ਐੱਮ. ਸੀ. ਐਕਸ. 'ਚ 3.5 ਫ਼ੀਸਦੀ ਦਾ ਵਾਧਾ ਹਾਸਲ ਕਰਕੇ 48,762 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ, ਜਦਕਿ ਚਾਂਦੀ ਐੱਮ. ਸੀ. ਐਕਸ. 'ਚ 0.8 ਫ਼ੀਸਦੀ ਦੇ ਘਾਟੇ ਨਾਲ 50,364 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ ਤੇ ਇਸ ਨੇ ਡਾਲਰ 1775-1785 ਦੇ ਟੀਚੇ ਨੂੰ ਹਾਸਲ ਕੀਤਾ। ਇਸ ਦਾ ਸਥਿਰ ਬਣਿਆ ਰਹਿਣਾ ਇਸ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਇਸ ਦਾ ਥੋੜ੍ਹੇ ਸਮੇਂ ਦਾ ਦ੍ਰਿਸ਼ ਹਾਂ-ਪੱਖੀ ਹੈ ਤੇ ਕੀਮਤਾਂ ਦੇ ਇਸ ਤੋਂ ਅੱਗੇ ਵਧ ਕੇ ਡਾਲਰ 1835-1840 ਦੇ ਅਗਲੇ ਟੀਚੇ ਵੱਲ ਵਧਣ ਦੀ ਸੰਭਾਵਨਾ ਹੈ।

ਜੇ ਕੀਮਤਾਂ 1810 ਡਾਲਰ ਦੇ ਨੇੜੇ ਪਹੁੰਚਦੀਆਂ ਹਨ ਤਾਂ ਇਸ ਦੀ ਤੇਜੀ ਨੂੰ ਗਤੀ ਮਿਲੇਗੀ ਪਰ ਜੇ ਕੀਮਤਾਂ ਇਸ ਦੇ ਸਮਰਥਨ ਮੁੱਲ 1710 ਡਾਲਰ ਤੋਂ ਹੇਠਾਂ ਆਉਂਦੀਆਂ ਹਨ ਤਾਂ ਇਸ ਦੇ ਹਾਂ-ਪੱਖੀ ਦ੍ਰਿਸ਼ ਨੂੰ ਝਟਕਾ ਲੱਗੇਗਾ। ਜੂਨ 'ਚ ਸੋਨੇ ਦੀਆਂ ਕੀਮਤਾਂ ਕਾਫੀ ਹੱਦ ਤੱਕ ਬੱਝੀਆਂ ਰਹੀਆਂ। ਥੋੜ੍ਹੇ ਸਮੇਂ ਦੀ ਮਿਆਦ ਦੇ ਬ੍ਰੇਕਆਊਟ ਦੌਰਾਨ ਸੋਨੇ ਦੀਆਂ ਕੀਮਤਾਂ ਡਾਲਰ 18.9-19.1 ਦੀ ਰੇਂਜ 'ਚ ਰਹਿਣੀਆਂ ਜ਼ਰੂਰੀ ਹਨ, ਜਿਸ ਨਾਲ ਇਸ ਨੂੰ ਗਤੀ ਮਿਲੇਗੀ। ਡਾਲਰ 19.2 ਦਾ ਇਕ ਬ੍ਰੇਕਆਊਟ ਨਾ ਸਿਰਫ਼ ਇਸ ਦੀ ਗਤੀ ਨੂੰ ਵਧਾਏਗਾ, ਸਗੋਂ ਕੀਮਤਾਂ ਨੂੰ ਡਾਲਰ 19.9-20 ਦੇ ਅਗਲੇ ਟੀਚੇ ਤੱਕ ਪਹੁੰਚਾਉਣ 'ਚ ਵੀ ਮਦਦ ਕਰੇਗਾ। ਚਾਂਦੀ ਦੀਆਂ ਕੀਮਤਾਂ ਦੇ 17 ਡਾਲਰ ਤੋਂ ਹੇਠਾਂ ਜਾਣ ਨਾਲ ਇਹ ਨਾਂਹ-ਪੱਖੀ ਹੋ ਜਾਣਗੀਆਂ।

ਐੱਮ. ਸੀ. ਐਕਸ. ਗੋਲਡ ਨੇ ਜੂਨ ਮਹੀਨੇ 'ਚ ਸਥਿਰ ਰਹਿ ਕੇ ਰਾਜ ਕੀਤਾ ਹੈ ਤੇ ਇਹ ਪਿਛਲੇ ਮਹੀਨੇ ਦੇ ਟੀਚੇ ਤੋਂ ਵੱਧ ਕੇ 49100-49800 ਰੁਪਏ ਹੋ ਗਿਆ। ਥੋੜੇ ਸਮੇਂ ਦਾ ਦ੍ਰਿਸ਼ ਅਜੇ ਵੀ ਹਾਂ-ਪੱਖੀ ਹੈ ਤੇ ਕੀਮਤਾਂ 50700-51000 ਰੁਪਏ ਦੇ ਟੀਚੇ ਵਲ ਵੱਧ ਸਕਦੀਆਂ ਹਨ। 49000 ਰੁਪਏ ਦਾ ਬ੍ਰੇਕਆਊਟ ਇਸ ਨੂੰ ਮਜ਼ਬੂਤ ਕਰੇਗਾ ਤੇ ਅਗਲੇ ਟੀਚੇ ਵੱਲ ਵਧਾਏਗਾ ਪਰ ਜੇ ਕੀਮਤਾਂ 46000 ਰੁਪਏ ਪ੍ਰਤੀ 10 ਗ੍ਰਾਮ ਤੋਂ ਘਟਦੀਆਂ ਹਨ ਤਾਂ ਥੋੜੇ ਸਮੇਂ ਦਾ ਟਰੈਂਡ ਕਮਜ਼ੋਰ ਹੋਵੇਗਾ। ਐੱਮ. ਸੀ. ਐਕਸ. ਚਾਂਦੀ ਜੂਨ ਮਹੀਨੇ 'ਚ ਕਾਫੀ ਬੱਝੀ ਰਹੀ। ਇਹ ਥੋੜੇ ਸਮੇਂ ਤੱਕ ਅਜਿਹੀਆਂ ਹੀ ਰਹਿਣ ਦੀ ਸੰਭਾਵਨਾ ਹੈ। ਰੁਪਏ 47100-51700 ਦਾ ਬ੍ਰੇਕਆਊਟ ਅਗਲੇ ਵੱਡੇ ਕਦਮ ਦਾ ਇਸ਼ਾਰਾ ਹੋ ਸਕਦਾ ਹੈ। 52000 ਰੁਪਏ ਦਾ ਬ੍ਰੇਕਆਊਟ ਇਸ ਨੂੰ ਉੱਪਰ ਚੁੱਕ ਸਕਦਾ ਹੈ ਤੇ ਫਿਰ ਕੀਮਤਾਂ ਆਪਣੇ ਅਗਲੇ ਟੀਚੇ 54500-55000 ਵੱਲ ਵਧ ਸਕਦੀਆਂ ਹਨ।

ਸੋਨੇ ਦਾ ਰੇਟ 1965 ਦੀ ਤੁਲਨਾ 'ਚ ਹਾਲੇ 746 ਗੁਣਾ ਵੱਧ
ਭਾਰਤ 'ਚ ਸੋਨੇ ਦਾ ਰੇਟ 1965 ਦੀ ਤੁਲਨਾ 'ਤ ਹਾਲੇ 746 ਗੁਣਾ ਵੱਧ ਹੈ। ਕੋਰੋਨਾ ਇਨਫੈਕਸ਼ਨ ਤੋਂ ਬਾਅਦ ਦੁਨੀਆ 'ਚ ਸੋਨੇ ਦੀ ਮੰਗ ਵਧੀ ਹੈ ਅਤੇ ਜਦੋਂ ਵੀ ਸੋਨੇ ਦਾ ਰੇਟ ਪਿਛਲੇ ਉੱਚ ਪੱਧਰ ਤੋਂ ਉੱਪਰ ਗਿਆ ਹੈ, ਉਸ ਦੀ ਰਫਤਾਰ 'ਚ ਕਾਫੀ ਤੇਜ਼ੀ ਆਈ ਹੈ। ਇੰਨਾ ਤੈਅ ਹੈ ਕਿ 3 ਤੋਂ 5 ਸਾਲ ਦੀ ਮਿਆਦ ਲਈ ਸੋਨੇ 'ਚ ਨਿਵੇਸ਼ ਕਾਫੀ ਲਾਭ ਦੇ ਸਕਦਾ ਹੈ।

ਭਾਰਤ 'ਚ ਹਰ ਸਾਲ 700-800 ਟਨ ਸੋਨੇ ਦੀ ਖਪਤ
ਭਾਰਤ 'ਚ ਸੋਨੇ ਦੀ ਮੰਗ 3 ਤਰ੍ਹਾਂ ਨਾਲ ਹੁੰਦੀ ਹੈ। ਪਹਿਲਾ ਗਹਿਣਿਆਂ ਲਈ, ਦੂਜਾ ਨਿਵੇਸ਼ ਲਈ ਅਤੇ ਤੀਜਾ ਕੇਂਦਰੀ ਬੈਂਕ ਆਪਣੇ ਕੋਲ ਰਿਜ਼ਰਵ ਰੱਖਣ ਲਈ ਸੋਨਾ ਖਰੀਦਦੇ ਹਨ। ਫਿਲਹਾਲ ਭਾਰਤ 'ਚ ਗਹਿਣੇ ਲਈ ਸੋਨੇ ਦੀ ਪ੍ਰਚੂਨ ਮੰਗ 'ਚ ਵੱਧ ਗਿਰਾਵਟ ਹੈ ਪਰ ਨਿਵੇਸ਼ ਦੀ ਮੰਗ ਬਹੁਤ ਵੱਧ ਗਈ ਹੈ। ਭਾਰਤ 'ਚ ਹਰ ਸਾਲ 700-800 ਟਨ ਸੋਨੇ ਦੀ ਖਪਤ ਹੈ, ਜਿਸ 'ਚੋਂ 1 ਟਨ ਦਾ ਉਤਪਾਦਨ ਭਾਰਤ 'ਚ ਹੀ ਹੁੰਦਾ ਹੈ ਅਤੇ ਬਾਕੀ ਦਰਾਮਦ ਕੀਤਾ ਜਾਂਦਾ ਹੈ।

80,000 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਸਕਦੀ ਹੈ ਕੀਮਤ
ਦੁਨੀਆ ਭਰ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਸ਼ੇਅਰ ਬਾਜ਼ਾਰ ਅਤੇ ਬਾਂਡ 'ਚ ਗਿਰਾਵਟ ਦਾ ਮਾਹੌਲ ਬਣਿਆ ਹੋਇਆ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਨਿਵੇਸ਼ਕਾਂ ਨੇ ਹੁਣ ਸੋਨੇ 'ਚ ਨਿਵੇਸ਼ ਵਧਾ ਦਿੱਤਾ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਉਛਾਲ ਜਾਰੀ ਹੈ। ਇਸ ਦਰਮਿਆਨ ਬੈਂਕ ਆਫ ਅਮਰੀਕਾ ਸਿਕਿਓਰਿਟੀਜ਼ ਦੇ ਐਨਾਲਿਸਟਾਂ ਨੇ ਅਨੁਮਾਨ ਜਤਾਇਆ ਹੈ ਕਿ 2021 ਦੇ ਆਖ਼ੀਰ ਤੱਕ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 3000 ਡਾਲਰ ਪ੍ਰਤੀ ਓਂਸ ਤੱਕ ਜਾ ਸਕਦੀ ਹੈ। 3000 ਡਾਲਰ ਨੂੰ ਜੇ ਅੱਜ ਦੇ ਭਾਰਤੀ ਰੁਪਏ 'ਚ ਕਨਵਰਟ ਕੀਤਾ ਜਾਵੇ ਤਾਂ ਇਹ ਰਾਸ਼ੀ 228855 ਰੁਪਏ ਬਣਦੀ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਰੇਟ ਓਂਸ ਦੇ ਹਿਸਾਬ ਨਾਲ ਤੈਅ ਹੁੰਦਾ ਹੈ। ਇਕ ਓਂਸ 'ਚ 28.34 ਗ੍ਰਾਮ ਭਾਰ ਹੁੰਦਾ ਹੈ। ਅਜਿਹੇ 'ਚ ਇਕ ਗ੍ਰਾਮ ਸੋਨੇ ਦੀ ਕੀਮਤ 8075 ਰੁਪਏ ਹੁੰਦੀ ਹੈ। ਇਸ ਦਰ ਨਾਲ 10 ਗ੍ਰਾਮ ਸੋਨੇ ਦੀ ਕੀਮਤ 80,753 ਰੁਪਏ ਹੁੰਦੀ ਹੈ। ਆਮ ਤੌਰ 'ਤੇ ਭਾਰਤ 'ਚੇ ਸੋਨੇ ਦਾ ਕਾਰੋਬਾਰ ਪ੍ਰਤੀ 10 ਗ੍ਰਾਮ ਦੇ ਆਧਾਰ 'ਤੇ ਹੁੰਦਾ ਹੈ। ਸ਼ੁੱਕਰਵਾਰ ਦੁਪਹਿਰ ਨੂੰ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਜੂਨ ਦਾ ਸੋਨੇ ਦਾ ਵਾਅਦਾ ਰੇਟ 46731 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਅਜਿਹੇ 'ਚ ਭਾਰਤ 'ਚ ਅਗਲੇ ਡੇਢ ਸਾਲ 'ਚ ਲਗਭਗ 75 ਫੀਸਦੀ ਦੀ ਤੇਜ਼ੀ ਹੋ ਸਕਦੀ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨਾ ਹਾਲੇ 1750 ਡਾਲਰ ਪ੍ਰਤੀ ਓਂਸ 'ਤੇ ਕਾਰੋਬਾਰ ਕਰ ਰਿਹਾ ਹੈ।


cherry

Content Editor

Related News