ਕੋਰੋਨਾ ਵਾਇਰਸ ਕਾਰਨ ਗਲੋਬਲ ਗ੍ਰੋਥ 'ਚ ਆ ਸਕਦੀ ਹੈ 0.10 ਫੀਸਦੀ ਦੀ ਗਿਰਾਵਟ : IMF

Monday, Feb 24, 2020 - 12:08 PM (IST)

ਕੋਰੋਨਾ ਵਾਇਰਸ ਕਾਰਨ ਗਲੋਬਲ ਗ੍ਰੋਥ 'ਚ ਆ ਸਕਦੀ ਹੈ 0.10 ਫੀਸਦੀ ਦੀ ਗਿਰਾਵਟ : IMF

ਰਿਆਦ — ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਵਿਸ਼ਵਵਿਆਪੀ ਆਰਥਿਕਤਾ ਵਿਚ ਸੁਧਾਰ ਦੀ ਰਫਤਾਰ ਜੋਖਮ ਵਿਚ ਪੈ ਸਕਦੀ ਹੈ। ਉਨ੍ਹਾਂ ਨੇ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਬੈਠਕ ਦੇ ਦੂਜੇ ਦਿਨ ਕਿਹਾ ਕਿ ਵਿਸ਼ਵਵਿਆਪੀ ਅਰਥਚਾਰੇ 'ਚ ਪਿਛਲੇ ਸਾਲ 2.9 ਫੀਸਦੀ ਦੀ ਦਰ ਨਾਲ ਵਾਧਾ ਹੋਇਆ। ਇਸ ਸਾਲ ਇਸ ਦਰ ਦੇ ਸੁਧਰ ਕੇ 3.3 ਫੀਸਦੀ ਹੋ ਜਾਣ ਦੀ ਉਮੀਦ ਸੀ।

ਕੋਰੋਨਾ ਕਾਰਨ ਕੌਮਾਂਤਰੀ ਐਮਰਜੈਂਸੀ ਦੀ ਸਥਿਤੀ

ਉਨ੍ਹਾਂ ਨੇ ਕਿਹਾ ਕਿ ਵਿਸ਼ਵਵਿਆਪੀ ਆਰਥਿਕ ਵਿਕਾਸ ਦਰ ਵਿਚ ਅਨੁਮਾਨਤ ਸੁਧਾਰ ਹੁਣ ਹੋਰ ਨਾਜ਼ੁਕ ਹੋ ਗਿਆ ਹੈ। ਜਾਰਜੀਵਾ ਨੇ ਕਿਹਾ, 'ਕੋਵਿਡ -19 (ਕੋਰੋਨਾ ਵਾਇਰਸ), ਜਿਹੜਾ ਕਿ ਸਿਹਤ ਅਤੇ ਇਲਾਜ ਲਈ ਇਕ ਵਿਸ਼ਵਵਿਆਪੀ ਐਮਰਜੈਂਸੀ ਹੈ ਜਿਸ ਕਾਰਨ ਚੀਨ ਦੀਆਂ ਆਰਥਿਕ ਗਤੀਵਿਧੀਆਂ ਵਿਚ ਵਿਘਨ ਪਿਆ ਹੈ ਅਤੇ ਇਸ ਕਾਰਨ ਗਲੋਬਲ ਆਰਥਿਕ ਵਾਧਾ ਦਰ 'ਚ ਸੁਧਾਰ ਦੇ ਰਸਤੇ 'ਚ ਜੋਖਮ ਪੈਦਾ ਹੋ ਸਕਦਾ ਹੈ।'

ਗਲੋਬਲ ਵਿਕਾਸ ਦਰ 'ਚ 10 ਪੁਆਇੰਟ ਦੀ ਗਿਰਾਵਟ ਸੰਭਵ

ਉਨ੍ਹਾਂ ਨੇ ਕਿਹਾ, 'ਮੈਂ ਜੀ-20 ਨੂੰ ਕਿਹਾ ਹੈ ਕਿ ਜੇਕਰ ਕੋਰੋਨਾ ਵਾਇਰਸ ਦੀ ਮਹਾਂਮਾਰੀ 'ਤੇ ਤੇਜ਼ੀ ਨਾਲ ਕਾਬੂ ਪਾ ਲਿਆ ਜਾਂਦਾ ਹੈ ਤਾਂ ਵੀ ਚੀਨ ਅਤੇ ਬਾਕੀ ਵਿਸ਼ਵ ਦੇ ਆਰਥਿਕ ਵਿਕਾਸ ਦਰ ਉੱਤੇ ਇਸ ਦਾ ਅਸਰ ਪਵੇਗਾ।' ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਆਰਥਿਕ ਵਿਕਾਸ ਦਰ ਇਸ ਵਾਇਰਸ ਦੇ ਸੰਕਰਮਣ ਕਰਕੇ 0.1 ਫੀਸਦੀ ਘਟ ਸਕਦੀ ਹੈ। ਇਸ ਦੇ ਕਾਰਨ ਚੀਨ ਦੀ ਆਰਥਿਕ ਵਿਕਾਸ ਦਰ ਇਸ ਸਾਲ ਘੱਟ ਕੇ 5.6 ਫੀਸਦੀ ਰਹਿ ਸਕਦੀ ਹੈ।

2500 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ

ਜਾਰਜੀਵਾ ਨੇ ਜੀ -20 ਮੈਂਬਰ ਦੇਸ਼ਾਂ ਨੂੰ ਵਾਇਰਸ ਦੇ ਸੰਕਰਨ 'ਤੇ ਕਾਬੂ ਪਾਉਣ ਲਈ ਤਾਲਮੇਲ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ, 'ਕੋਵਿਡ -19 ਸਾਨੂੰ ਆਪਣੇ ਆਪਸੀ ਸੰਬੰਧਾਂ ਅਤੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਦੀ ਯਾਦ ਦਿਵਾਉਂਦਾ ਹੈ। ਇਸ ਸਬੰਧ ਵਿਚ ਜੀ -20 ਇਕ ਮਹੱਤਵਪੂਰਣ ਪਲੇਟਫਾਰਮ ਹੈ ਜੋ ਵਿਸ਼ਵਵਿਆਪੀ ਆਰਥਿਕਤਾ ਨੂੰ ਇਕ ਮਜ਼ਬੂਤ ​​ਸਥਿਤੀ ਵਿਚ ਲਿਆਉਣ ਵਿਚ ਸਹਾਇਤਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਚੀਨ ਵਿਚ ਤਕਰੀਬਨ 2500 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਬਹੁਤ ਸਾਰੀਆਂ ਕੰਪਨੀਆਂ ਅਤੇ ਫੈਕਟਰੀਆਂ ਨੂੰ ਆਪਣਾ ਕੰਮਕਾਜ ਬੰਦ ਕਰਨਾ ਪਿਆ ਹੈ


Related News