ਆਪਣੀ ਧੀ ਨੂੰ ਦਿਓ ਇਹ ਤੋਹਫਾ, ਹੋਵੇਗੀ ਜ਼ਿਆਦਾ ਕਮਾਈ, ਨਹੀਂ ਲੱਗੇਗਾ ਟੈਕਸ

10/21/2017 2:53:41 PM

ਨਵੀਂ ਦਿੱਲੀ— ਜੇਕਰ ਤੁਸੀਂ ਆਪਣੀ ਧੀ ਦੇ ਭਵਿੱਖ ਲਈ ਕੁਝ ਜ਼ਿਆਦਾ ਕਰਨਾ ਚਾਹੁੰਦੇ ਹੋ ਤਾਂ ਇਹ ਸਕੀਮ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਆਪਣੀ ਧੀ ਦੇ ਨਾਮ 'ਤੇ ਤੁਸੀਂ ਇਹ ਸਕੀਮ ਲੈ ਕੇ ਉਸ ਨੂੰ ਤੋਹਫੇ ਦੇ ਤੌਰ 'ਤੇ ਦੇ ਸਕਦੇ ਹੋ। ਇਸ ਸਕੀਮ ਦਾ ਫਾਇਦਾ ਇਹ ਹੈ ਕਿ ਤੁਸੀਂ ਇਕ ਮਾਲੀ ਵਰ੍ਹੇ 'ਚ ਘੱਟੋ-ਘੱਟ 1000 ਰੁਪਏ ਤੋਂ ਲੈ ਕੇ 1.50 ਲੱਖ ਰੁਪਏ ਤਕ ਪੈਸੇ ਜਮ੍ਹਾ ਕਰਾ ਸਕਦੇ ਹੋ, ਜਿਸ 'ਤੇ ਮੌਜੂਦਾ ਸਮੇਂ 8.6 ਫੀਸਦੀ ਵਿਆਜ ਮਿਲ ਰਿਹਾ ਹੈ। ਵਿੱਤੀ ਬਿੱਲ 2015-16 ਮੁਤਾਬਕ ਇਸ ਖਾਤੇ 'ਚ ਵਿਆਜ ਤੋਂ ਹੋਣ ਵਾਲੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ, ਜਦੋਂ ਕਿ ਐੱਫ. ਡੀ. ਵਰਗੀਆਂ ਸਕੀਮਾਂ 'ਚ 10,000 ਤੋਂ ਵੱਧ ਦੀ ਵਿਆਜ ਕਮਾਈ 'ਤੇ 10 ਫੀਸਦੀ ਟੈਕਸ ਕੱਟਦਾ ਹੈ ਅਤੇ ਵਿਆਜ ਵੀ 7 ਫੀਸਦੀ ਤੋਂ ਘੱਟ ਮਿਲਦਾ ਹੈ। ਇਹ ਸਕੀਮ ਹੈ ਸੁਕੰਨਿਆ ਸਮਰਿਧੀ ਯੋਜਨਾ, ਜੋ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹ ਯੋਜਨਾ ਡਾਕਘਰ ਅਤੇ ਬੈਂਕਾਂ 'ਚ ਉਪਲੱਬਧ ਹੈ।

ਕੌਣ ਖੁੱਲ੍ਹਵਾ ਸਕਦਾ ਹੈ ਸੁਕੰਨਿਆ ਸਮਰਿਧੀ ਖਾਤਾ, ਕੀ ਮਿਲੇਗਾ ਲਾਭ
ਇਹ ਖਾਤਾ 10 ਸਾਲ ਤਕ ਦੀ ਬੱਚੀ ਦੇ ਮਾਤਾ-ਪਿਤਾ ਜਾਂ ਉਸ ਦੇ ਕਾਨੂੰਨੀ ਮਾਤਾ-ਪਿਤਾ ਖੁੱਲ੍ਹਵਾ ਸਕਦੇ ਹਨ। ਇਹ ਖਾਤਾ ਘੱਟੋ-ਘੱਟ 1000 ਰੁਪਏ ਨਾਲ ਖੋਲ੍ਹਿਆ ਜਾ ਸਕਦਾ ਹੈ। ਇਸ ਖਾਤੇ 'ਚ ਤੁਹਾਨੂੰ 14 ਸਾਲ ਤਕ ਪੈਸੇ ਜਮ੍ਹਾ ਕਰਾਉਣੇ ਹੋਣਗੇ ਪਰ ਇਸ ਦੀ ਮਿਆਦ ਖਾਤਾ ਖੁੱਲ੍ਹਣ ਦੇ 21 ਸਾਲ ਪੂਰੇ ਹੋ ਜਾਣ 'ਤੇ ਪੂਰੀ ਹੋਵੇਗੀ। ਯਾਨੀ ਜੇਕਰ ਤੁਹਾਡੀ ਬੱਚੀ ਹੁਣ ਇਕ ਸਾਲ ਦੀ ਹੈ ਤਾਂ ਉਸ ਦੇ 21 ਸਾਲ ਪੂਰੇ ਹੋ ਜਾਣ 'ਤੇ ਤੁਹਾਡਾ ਖਾਤਾ ਪਰਿਪਕ ਹੋ ਜਾਵੇਗਾ ਅਤੇ ਉਸ ਦੀ ਕਾਲਜ ਦੀ ਪੜ੍ਹਾਈ ਅਤੇ ਵਿਆਹ ਲਈ ਪੈਸੇ ਕੰਮ ਆਉਣਗੇ। ਹਾਲਾਂਕਿ ਬੇਟੀ ਦੀ ਉਮਰ 18 ਸਾਲ ਹੋਣ 'ਤੇ ਅੱਧੇ ਪੈਸੇ ਕਢਵਾਏ ਵੀ ਜਾ ਸਕਦੇ ਹਨ। ਉੱਥੇ ਹੀ, ਜੇਕਰ ਬੇਟੀ ਦਾ 18 ਤੋਂ 21 ਸਾਲ ਵਿਚਕਾਰ ਵਿਆਹ ਹੋ ਜਾਂਦਾ ਹੈ ਤਾਂ ਖਾਤਾ ਉਸੇ ਵਕਤ ਬੰਦ ਹੋ ਜਾਵੇਗਾ। ਇਸ ਖਾਤੇ 'ਤੇ ਮਿਲਣ ਵਾਲਾ ਵਿਆਜ ਹਰ ਸਾਲ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ, ਯਾਨੀ ਤੁਹਾਡੀ ਕਮਾਈ ਇਸ 'ਤੇ ਚੰਗੀ ਹੋ ਸਕਦੀ ਹੈ ਅਤੇ ਨਾਲ ਹੀ ਜੋ ਵਿਆਜ ਇਸ 'ਤੇ ਦਿੱਤਾ ਜਾ ਰਿਹਾ ਹੈ ਉਹ ਹੋਰ ਸਕੀਮਾਂ ਨਾਲੋਂ ਜ਼ਿਆਦਾ ਹੈ। ਇਸ ਖਾਤੇ 'ਚ ਨਿਵੇਸ਼ ਕਰਕੇ ਤੁਸੀਂ ਆਪਣੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋ। ਹਾਲਾਂਕਿ ਜੇਕਰ ਤੁਸੀਂ ਆਪਣੇ ਵੱਲੋਂ ਲਈ ਗਈ ਸਕੀਮ ਮੁਤਾਬਕ ਸਾਲ ਦੌਰਾਨ ਪੈਸੇ ਜਮ੍ਹਾ ਨਹੀਂ ਕਰਾਉਂਦੇ ਹੋ ਤਾਂ ਜੁਰਮਾਨਾ ਵੀ ਲੱਗਦਾ ਹੈ, ਜੋ ਕਿ 50 ਰੁਪਏ ਹੋਵੇਗਾ। ਇਹ ਖਾਤਾ ਖੋਲ੍ਹਣ ਲਈ ਬੱਚੀ ਦੇ ਜਨਮ ਦਾ ਪ੍ਰਮਾਣ ਪੱਤਰ ਅਤੇ ਮਾਤਾ-ਪਿਤਾ ਦੀ ਫੋਟੋ, ਪਛਾਣ ਪੱਤਰ ਅਤੇ ਪਤੇ ਦਾ ਸਬੂਤ ਚਾਹੀਦਾ ਹੁੰਦਾ ਹੈ।


Related News