ਰਤਨਾਂ, ਗਹਿਣਿਆਂ ਦੀ ਬਰਾਮਦ 'ਚ 25 ਫੀਸਦੀ ਗਿਰਾਵਟ ਦਾ ਖਦਸ਼ਾ : GJEPC
Saturday, Oct 17, 2020 - 06:02 PM (IST)
ਮੁੰਬਈ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਕਾਰਨ ਚਾਲੂ ਵਿੱਤੀ ਸਾਲ 'ਚ ਰਤਨਾਂ ਅਤੇ ਗਹਿਣਿਆਂ ਦੀ ਬਰਾਮਦ 'ਚ 20 ਤੋਂ 25 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ। ਉਦਯੋਗ ਸੰਗਠਨ ਨੇ ਸ਼ਨੀਵਾਰ ਨੂੰ ਇਹ ਚਿੰਤਾ ਜਤਾਈ।
ਰਤਨ ਤੇ ਗਹਿਣਾ ਬਰਾਮਦ ਪ੍ਰਮੋਸ਼ਨ ਪ੍ਰੀਸ਼ਦ (ਜੀ. ਜੇ. ਈ. ਪੀ. ਸੀ.) ਦੇ ਅੰਕੜਿਆਂ ਮੁਤਾਬਕ, 2019-20 ਦੌਰਾਨ ਇਨ੍ਹਾਂ ਦੀ ਬਰਾਮਦ 2,52,249.46 ਕਰੋੜ ਰੁਪਏ ਰਹੀ ਸੀ।
ਜੀ. ਜੇ. ਈ. ਪੀ. ਸੀ. ਦੇ ਚੇਅਰਮਨੈਨ ਕੋਲਿਨ ਸ਼ਾਹ ਨੇ ਪੰਜ ਦਿਨਾਂ ਵਰਚੁਅਲ ਇੰਡੀਆ ਇੰਟਰਨੈਸ਼ਨਲ ਜਿਊਲਰੀ ਸ਼ੋਅ (ਆਈ. ਆਈ. ਜੇ. ਐੱਸ.) ਦੇ ਅੰਤਿਮ ਦਿਨ ਕਿਹਾ, ''ਪਿਛਲੇ ਸਾਲ ਦੀ ਤੁਲਨਾ 'ਚ ਚਾਲੂ ਵਿੱਤੀ ਸਾਲ 'ਚ ਸਾਨੂੰ ਬਰਾਮਦ 'ਚ 20-25 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਮੰਗ 'ਚ ਹੌਲੀ-ਹੌਲੀ ਸੁਧਾਰ ਦੇ ਨਾਲ ਅਸੀਂ ਅਗਲੇ ਸਾਲ 2019-20 ਦੇ ਪੱਧਰ 'ਤੇ ਪਹੁੰਚ ਸਕਦੇ ਹਾਂ। ਇਸ 'ਚ ਵਾਧਾ 2021-22 ਤੱਕ ਹੀ ਸੰਭਵ ਹੈ।''
ਇਸ ਸਾਲ ਆਈ. ਆਈ. ਜੇ. ਐੱਸ. 'ਚ 300 ਤੋਂ ਜ਼ਿਆਦਾ ਪ੍ਰਦਰਸ਼ਕਾਂ ਅਤੇ ਦਸ ਹਜ਼ਾਰ ਤੋਂ ਵੱਧ ਖਰੀਦਦਾਰਾਂ ਨੇ ਹਿੱਸਾ ਲਿਆ। ਇਸ 'ਚ ਅਮਰੀਕਾ, ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਕਤਰ, ਸਿੰਗਾਪੁਰ, ਬੰਗਲਾਦੇਸ਼, ਨੇਪਾਲ, ਓਮਾਨ, ਪਾਕਿਸਤਾਨ, ਹਾਂਗਕਾਂਗ, ਇਟਲੀ, ਮਿਸਰ, ਬੈਲਜ਼ੀਅਮ, ਤੁਰਕੀ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਦੇ ਲੋਕਾਂ ਨੇ ਹਿੱਸਾ ਲਿਆ। ਇਸ 'ਚ 9,900 ਤੋਂ ਜ਼ਿਆਦਾ ਬੈਠਕਾਂ ਆਯੋਜਿਤ ਹੋਈਆਂ। ਇਸ ਪ੍ਰੋਗਰਾਮ ਨਾਲ ਇਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਕਾਰੋਬਾਰ ਦਾ ਸਿਰਜਣ ਹੋਇਆ।