ਗੀਤਾ ਗੋਪੀਨਾਥ ਨੇ ਆਪਣੀ IMF ਦੀ ਰਿਪੋਰਟ ''ਚ ਭਾਰਤੀ ਅਰਥਵਿਵਸਥਾ ਲਈ ਕੀਤੀ ਭਵਿੱਖਵਾਣੀ

01/22/2019 2:04:09 PM

ਨਵੀਂ ਦਿੱਲੀ — ਭਾਰਤੀ ਮੂਲ ਦੀ ਮਸ਼ਹੂਰ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੇ ਕੌਮਾਂਤਰੀ ਮੁਦਰਾ ਫੰਡ(IMF) ਦੇ ਮੁੱਖ ਅਰਥ-ਸ਼ਾਸਤਰੀ ਵਜੋਂ ਅਹੁਦਾ ਸੰਭਾਲਨ ਤੋਂ ਬਾਅਦ ਗਲੋਬਲ ਵਿਕਾਸ ਦੀ ਪਹਿਲੀ ਰਿਪੋਰਟ ਪੇਸ਼ ਕਰਦੇ ਹੋਏ ਭਾਰਤੀ ਅਰਥ ਵਿਵਸਥਾ ਬਾਰੇ ਵੱਡੀ ਭਵਿੱਖਵਾਣੀ ਕੀਤੀ ਹੈ। ਉਨ੍ਹਾਂ ਨੇ ਖੇਤੀਬਾੜੀ ਕਰਜ਼ਾ ਮੁਆਫੀ ਨੂੰ ਲੈ ਕੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਖੁਸ਼ ਕਰਨ ਵਾਲੇ ਉਪਾਅ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਸਥਾਈ ਤੌਰ 'ਤੇ ਹੱਲ ਨਹੀਂ ਕਰ ਸਕਦੇ। ਇਸਦੀ ਬਜਾਏ ਕੈਸ਼ ਸਬਸਿਡੀ ਬਿਹਤਰ ਵਿਕਲਪ ਰਹੇਗਾ।

ਦਾਵੋਸ 'ਚ ਵਿਸ਼ਵ ਆਰਥਿਕ ਫੋਰਮ ਦੇ ਮੌਕੇ 'ਤੇ ਗੱਲਬਾਤ ਕਰਦੇ ਹੋਏ ਗੀਤਾ ਗੋਪੀਨਾਥ ਨੇ ਦੱਸਿਆ,'ਮੇਰਾ ਮੰਨਣਾ ਹੈ ਕਿ ਖੇਤੀਬਾੜੀ ਖੇਤਰ ਇਸ ਸਮੇਂ ਭਾਰੀ ਸੰਕਟ ਵਿਚ ਹੈ ਅਤੇ ਖੇਤੀਬਾੜੀ ਕਰਜ਼ਾ ਮੁਆਫੀ ਸਥਾਈ ਹੱਲ ਨਹੀਂ ਹੈ।' ਉਨ੍ਹਾਂ ਨੇ ਕਿਹਾ ਕਿ ਨਕਦ ਸਬਸਿਡੀ ਕਰਜ਼ਾ ਮੁਆਫੀ ਦੇ ਮੁਕਾਬਲੇ ਬਿਹਤਰ ਹੋਵੇਗਾ।

ਗੀਤਾ ਨੇ ਕਿਹਾ ਕਿ ਨਕਦ ਸਬਸਿਡੀ, ਕਰਜ਼ਾ ਮੁਆਫੀ ਤੋਂ ਬਿਹਤਰ ਅਤੇ ਵਿਆਪਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਪੈਦਾਵਾਰ ਵਧਾਉਣ ਲਈ ਬਿਹਤਰ ਤਕਨੀਕ ਅਤੇ ਬੀਜ ਵਰਗੀਆਂ ਸਹੂਲਤਾਂ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਹਨ। ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਦੇਸ਼ ਦੀਆਂ ਕਈ ਸਰਕਾਰਾਂ ਨੇ ਖੇਤੀਬਾੜੀ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਹੈ।

ਉੱਤਰ ਭਾਰਤ ਦੇ ਤਿੰਨ ਸੂਬੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਕਾਂਗਰਸ ਨੇ ਸੱਤਾ 'ਚ ਆਉਣ ਦੇ ਤੁਰੰਤ ਬਾਅਦ ਖੇਤੀਬਾੜੀ ਕਰਜ਼ਾ ਮੁਆਫੀ ਦਾ ਐਲਾਨ ਕਰਦੇ ਹੋਏ ਕਿਸਾਨਾਂ ਨੂੰ ਕੀਤੇ ਗਏ ਵਾਅਦੇ ਨੂੰ ਨਿਭਾਇਆ। ਇਸ ਨੂੰ ਦੇਖਦੇ ਹੋਏ ਭਾਜਪਾ ਸ਼ਾਸਤ ਸੂਬੇ ਗੁਜਰਾਤ ਅਤੇ ਅਸਮ ਨੇ ਵੀ ਇਸ ਨੂੰ ਅਪਣਾਇਆ।

ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਅਤੇ ਹੋਰ ਲੋਕ ਪ੍ਰਧਾਨ ਮੰਤਰੀ ਨੂੰ ਉਸ ਸਮੇਂ ਤੱਕ ਅਰਾਮ ਨਹੀਂ ਕਰਨ ਦੇਣਗੇ, ਜਦੋਂ ਤੱਕ ਪੂਰੇ ਭਾਰਤ 'ਚ ਕਰਜ਼ਾ ਮੁਆਫੀ ਦੀ ਯੋਜਨਾ ਨੂੰ ਲਾਗੂ ਨਹੀਂ ਕੀਤਾ ਜਾਂਦਾ।

ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਵੀ ਕੀਤਾ ਸੀ ਕਿਸਾਨ ਕਰਜ਼ਾ ਮੁਆਫੀ ਦਾ ਵਿਰੋਧ

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਵੀ ਖੇਤੀਬਾੜੀ ਕਰਜ਼ਾ ਮੁਆਫੀ 'ਤੇ ਵਿਰੋਧ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਚੋਣ ਕਮਿਸ਼ਨ ਨੂੰ ਸਿਆਸੀ ਪਾਰਟੀਆਂ ਵਲੋਂ ਇਸ ਨੂੰ ਚੁਣਾਵੀਂ ਭਰੋਸਿਆਂ ਦਾ ਮੁੱਦਾ ਬਣਾਉਣ ਤੋਂ ਰੋਕਣ ਦੀ ਮੰਗ ਕੀਤੀ ਸੀ।

2019 'ਚ ਰਫਤਾਰ ਫੜੇਗੀ ਭਾਰਤੀ ਅਰਥਵਿਵਸਥਾ

ਗੀਤਾ ਨੇ ਦੱਸਿਆ ਕਿ ਖੇਤੀਬਾੜੀ ਖੇਤਰ ਅਤੇ ਰੋਜ਼ਗਾਰ ਦੇ ਮੌਕੇ ਐਨ.ਡੀ.ਏ. ਸਰਕਾਰ ਦੇ ਪ੍ਰਮੁੱਖ ਮੁੱਦੇ ਹਨ। ਇਸ ਮੁੱਦੇ ਇਸ ਸਾਲ ਭਾਰਤੀ ਅਰਥ ਵਿਵਸਥਾ ਲਈ ਪ੍ਰਮੁੱਖ ਚਿੰਤਾ ਦਾ ਵਿਸ਼ਾ ਵੀ ਰਹੇਗਾ। ਪਰ ਵਿਕਾਸ ਦਰ ਦੇ ਮੱਦੇਨਜ਼ਰ ਸਕਾਰਾਤਮਕ ਵੀ ਰਹੇਗਾ। ਵਰਲਡ ਇਕਨਾਮਿਕ ਆਊਟਲੁੱਕ ਅਪਡੇਟ ਵਿਚ ਕਿਹਾ ਗਿਆ ਹੈ ਕਿ 2019-20 ਦੌਰਾਨ ਭਾਰਤ ਦੀ ਅਰਥ ਵਿਵਸਥਾ ਸਭ ਤੋਂ ਤੇਜ਼ੀ ਨਾਲ ਅੱਦੇ ਵਧੇਗੀ। ਜਦੋਂਕਿ ਇਸ ਦੌਰਾਨ ਗਲੋਬਲ ਪੱਧਰ 'ਤੇ ਮੰਦੀ ਰਹਿਣ ਦੇ ਅਸਾਰ ਹਨ। ਇਸ ਦੇ ਨਾਲ ਹੀ ਭਾਰਤ 7.5 ਫੀਸਦੀ ਦੀ ਵਿਕਾਸ ਦਰ ਤੋਂ ਅੱਗੇ ਵਧੇਗਾ। 2020-21 ਦੌਰਾਨ ਭਾਰਤ ਦੀ ਵਿਕਾਸ ਦਰ 7.7 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ ਚੀਨ ਦੀ ਵਿਕਾਸ ਦਰ 6.2 ਫੀਸਦੀ ਰਹਿਣ ਦਾ ਅੰਦਾਜ਼ਾ ਹੈ।

ਚੀਨ ਦੀ ਵਿਕਾਸ ਦਰ ਹੋਵੇਗੀ ਕਮਜ਼ੋਰ

ਇਸ ਵਿਚ ਚੀਨ ਦੀ ਵਿਕਾਸ ਦਰ 2017 ਦੇ 6.9 ਫੀਸਦੀ ਤੋਂ ਘੱਟ ਕੇ 2018 ਵਿਚ 6.6 ਫੀਸਦੀ ਅਤੇ 2019 ਅਤੇ 2020 'ਚ ਹੋਰ ਘੱਟ ਹੋ ਕੇ 6.2 ਫੀਸਦੀ 'ਤੇ ਆਉਣ ਦੀ ਸੰਭਾਵਨਾ ਦੱਸੀ ਗਈ ਹੈ। ਦੂਜੇ ਪਾਸੇ ਵਿਸ਼ਵ ਵਿਕਾਸ ਦਰ 2017 ਦੇ 3.8 ਫੀਸਦੀ ਦੀ ਤੁਲਨਾ ਵਿਚ 2018 'ਚ 3.7 ਫੀਸਦੀ ਅਤੇ 2019 ਵਿਚ 3.5 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਇਸ ਦੇ 2020 'ਚ ਫਿਰ ਤੋਂ ਸੁਧਰ ਕੇ 3.6 ਫੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਹੈ।


Related News