ਜੀ. ਡੀ. ਪੀ. ਪਹਿਲੀ ਤਿਮਾਹੀ ''ਚ 20 ਫ਼ੀਸਦੀ ਵਧਣ ਦੀ ਉਮੀਦ : ਇਕਰਾ
Wednesday, Aug 18, 2021 - 06:09 PM (IST)
ਮੁੰਬਈ- ਰੇਟਿੰਗ ਏਜੰਸੀ ਇਕਰਾ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੀ ਜੀ. ਡੀ. ਪੀ. ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 20 ਫ਼ੀਸਦੀ ਵਧਣ ਦੀ ਉਮੀਦ ਹੈ ਪਰ ਇਸ ਵਾਧੇ ਦੇ ਬਾਵਜੂਦ ਇਹ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਨਾਲੋਂ ਘੱਟ ਰਹੇਗੀ। ਇਕਰਾ ਨੇ ਕਿਹਾ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਜੀ. ਡੀ. ਪੀ. 24 ਫ਼ੀਸਦੀ ਤੱਕ ਡਿੱਗ ਗਈ ਸੀ, ਜਿਸ ਨਾਲ ਤੁਲਨਾ ਕਾਰਨ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ ਸਮੀਖਿਆ ਅਧੀਨ ਤਿਮਾਹੀ ਵਿਚ ਘੱਟ ਦਿਸ ਰਿਹਾ ਹੈ।
ਰੇਟਿੰਗ ਏਜੰਸੀ ਨੇ ਕਿਹਾ ਕਿ ਸਰਕਾਰ ਵੱਲੋਂ ਮਜਬੂਤਪੂੰਜੀ ਖਰਚ, ਵਪਾਰਕ ਬਰਾਮਦ ਅਤੇ ਖੇਤੀ ਖੇਤਰ ਵਿਚ ਮੰਗ ਨੇ ਆਰਥਿਕ ਸਰਗਰਮੀਆਂ ਨੂੰ ਹੁਲਾਰਾ ਦਿੱਤਾ ਹੈ। ਇਸੇ ਕਾਰਨ, 30 ਜੂਨ 2021 ਨੂੰ ਸਮਾਪਤ ਤਿਮਾਹੀ ਵਿਚ ਜੀ. ਡੀ. ਪੀ. 20 ਫ਼ੀਸਦੀ ਅਤੇ ਜੀ. ਵੀ. ਏ. ਵਿਚ 17 ਫ਼ੀਸਦੀ ਦੇ ਵਾਧੇ ਦਾ ਅਨੁਮਾਨ ਹੈ।
ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ, ''ਪਿਛਲੇ ਸਾਲ ਦੇ ਹੇਠਲੇ ਅੰਕੜਿਆਂ ਕਾਰਨ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਜੀ. ਡੀ. ਪੀ. ਵਿਚ ਦੋਹਰੇ ਅੰਕਾਂ ਦਾ ਵਾਧਾ ਕਾਫ਼ੀ ਉੱਚਾ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਸਾਡਾ ਅਨੁਮਾਨ ਹੈ ਕਿ ਕੋਵਿਡ ਤੋਂ ਪਹਿਲਾਂ ਯਾਨੀ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਜੀ. ਡੀ. ਪੀ. ਅਤੇ ਜੀ. ਵੀ. ਏ. ਵਿਚ 9 ਫ਼ੀਸਦੀ ਗਿਰਾਵਟ ਰਹੇਗੀ।'' ਉੱਥੇ ਹੀ, ਭਾਰਤੀ ਰਿਜ਼ਰਵ ਬੈਂਕ ਵੱਲੋਂ ਸਮੀਖਿਆ ਅਧੀਨ ਤਿਮਾਹੀ ਲਈ ਇਸ ਮਹੀਨੇ ਫਿਰ ਤੋਂ ਜਾਰੀ ਅਨੁਮਾਨ ਵਿਚ ਜੀ. ਡੀ. ਪੀ. ਵਿਚ 21.4 ਫ਼ੀਸਦੀ ਬੜ੍ਹਤ ਦੀ ਉਮੀਦ ਜਤਾਈ ਗਈ ਹੈ। ਇਸ ਤੋਂ ਇਲਾਵਾ ਕੇਂਦਰੀ ਅੰਕੜਾ ਦਫ਼ਤਰ ਪਹਿਲੀ ਤਿਮਾਹੀ ਦੇ ਅਧਿਕਾਰਤ ਅੰਕੜੇ ਇਸ ਮਹੀਨੇ ਦੇ ਅੰਤ ਤੱਕ ਜਾਰੀ ਕਰ ਸਕਦਾ ਹੈ।