ਗਾਰਮੈਂਟਸ ਖੇਤਰ ਨੂੰ 2021 ’ਚ ਵਾਧੇ ਦੀ ਉਮੀਦ : ਆਈ. ਟੀ. ਐੱਫ.
Sunday, Jan 03, 2021 - 09:27 AM (IST)
 
            
            ਕੋਇੰਬਟੂਰ (ਭਾਸ਼ਾ) – ਗਾਰਮੈਂਟਸ ਖੇਤਰ ਨੂੰ ਉਮੀਦ ਹੈ ਕਿ ਨਵਾਂ ਸਾਲ 2021 ਉਸ ਲਈ ਚੰਗਾ ਰਹੇਗਾ। ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਬੀਤੇ ਸਾਲ 2020 ’ਚ ਇਹ ਖੇਤਰ ਪ੍ਰੇਸ਼ਾਨੀਆਂ ਨਾਲ ਜੂਝਦਾ ਰਿਹਾ। ਇੰਡੀਅਨ ਟੈਕਪ੍ਰਿਨਿਓਰ ਫੈੱਡਰੇਸ਼ਨ (ਆਈ. ਟੀ. ਐੱਫ.) ਦੇ ਕਨਵੀਨਰ ਪ੍ਰਭੂ ਦਮੋਦਰਨ ਨੇ ਕਿਹਾ ਕਿ ਗਾਰਮੈਂਟਸ ਖੇਤਰ ਨੂੰ 2021 ’ਚ ਵਾਧੇ ਦੀ ਉਮੀਦ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਾਲ ਇਹ ਖੇਤਰ ਗਾਰਮੈਂਟਸ ਲਈ ਅਮਰੀਕਾ ’ਤੇ ਧਿਆਨ ਕੇਂਦਰਿਤ ਕਰ ਕੇ ਤਰੱਕੀ ਕਰ ਸਕਦਾ ਹੈ। 2020 ਦੇ ਪਹਿਲੇ 10 ਮਹੀਨਿਆਂ ’ਚ ਕੱਪੜਾ ਖੇਤਰ ਨੂੰ ਉਥੋਂ ਦੇ ਬਾਜ਼ਾਰ ’ਚ ਮਾਤਰਾ ਦੇ ਹਿਸਾਬ ਨਾਲ ਲਾਭ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਸੀਂ ਆਪਣੇ ਯਤਨ ਵਧਾਉਂਦੇ ਹੋਏ ਅਮਰੀਕੀ ਬਾਜ਼ਾਰ ’ਚ ਗਾਰਮੈਂਟਸ ਦੇ ਮਾਮਲੇ ’ਚ ਵੀ ਇਸੇ ਸਫਲਤਾ ਨੂੰ ਦੁਹਰਾਈਏ।
ਦਾਮੋਦਰਨ ਨੇ ਕਿਹਾ ਕਿ ਯੂਰਪੀ ਸੰਘ (ਈ. ਯੂ.) ਨਾਲ ਵੀਅਤਨਾਮ ਦੇ ਫ੍ਰੀ ਟਰੇਡ ਐਗਰੀਮੈਂਟ ਨਾਲ ਭਾਰਤ ਲਈ ਮੁਕਾਬਲੇਬਾਜ਼ੀ ਵਧੇਗੀ। ਇਸ ਦੇ ਨਾਲ ਭਾਰਤ ਨੂੰ ਅਮਰੀਕੀ ਬਾਜ਼ਾਰ ’ਚ ਹੋਰ ਮੁਕਾਬਲੇਬਾਜ਼ ਦੇਸ਼ਾਂ ਨਾਲ ਸਮਾਨ ਮੌਕੇ ਮੁਹੱਈਆ ਹੋਣਗੇ। ਇਸ ਤੋਂ ਇਲਾਵਾ ਤੇਜ਼ੀ ਨਾਲ ਇਕਨੌਮਿਕ ਰਿਵਾਈਵਲ ਕਾਰਣ ਗਾਰਮੈਂਟਸ ਖੇਤਰ ਦੇ ਵਾਧਾ ਦਰਜ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਯਤਨਾਂ ਨੂੰ ਤੇਜ਼ ਕਰਨਾ ਹੋਵੇਗਾ ਅਤੇ ਸਾਰੇ ਪੱਧਰਾਂ ’ਤੇ ਧਿਆਨ ਦੇਣਾ ਹੋਵੇਗਾ। ਇਨ੍ਹਾਂ ’ਚ ਸਰਕਾਰ, ਕਲਸਟਰ ਅਤੇ ਕੰਪਨੀਆਂ ਸ਼ਾਮਲ ਹਨ। ਤਾਂ ਹੀ ਅਸੀਂ ਅਮਰੀਕੀ ਬਾਜ਼ਾਰ ’ਚ ਆਪਣਾ ਹਿੱਸਾ ਹਾਸਲ ਕਰ ਸਕਾਂਗੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            