ਮੋਟਾਪਾ ਤੇ ਸ਼ੂਗਰ ਰੋਕਣ ਲਈ FSSAI ਦਾ ਨਵਾਂ ਕਦਮ, ਲੋਕਾਂ ਨੂੰ ਹੋਵੇਗਾ ਫਾਇਦਾ

06/27/2019 12:45:46 PM

ਨਵੀਂ ਦਿੱਲੀ—  ਹੁਣ ਫੂਡ ਪੈਕਟਾਂ 'ਤੇ ਬਕਾਇਦਾ ਲਾਲ ਰੰਗ 'ਚ ਖੰਡ, ਨਮਕ ਤੇ ਇਸ 'ਚ ਕਿੰਨੀ ਫੈਟ ਹੈ ਇਹ ਸਭ ਕੁਝ ਲਿਖਿਆ ਹੋਇਆ ਹੋਵੇਗਾ, ਤਾਂ ਜੋ ਗਾਹਕਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਲਈ ਇਹ ਖਾਣਾ ਠੀਕ ਹੈ ਜਾਂ ਨਹੀਂ। ਭਾਰਤੀ ਫੂਡ ਅਥਾਰਟੀ FSSAI ਨੇ ਡਰਾਫਟ ਨਿਯਮ ਜਾਰੀ ਕੀਤੇ ਹਨ, ਜਿਸ ਤਹਿਤ ਫੂਡ ਪੈਕੇਜਿੰਗ ਕੰਪਨੀਆਂ ਨੂੰ ਖਾਣ ਵਾਲੇ ਪਦਾਰਥਾਂ ਦੇ ਪੈਕੇਟਾਂ 'ਤੇ ਇਹ ਲਿਖਣਾ ਜ਼ਰੂਰੀ ਹੋਵੇਗਾ।

ਮੋਟਾਪਾ ਤੇ ਸ਼ੂਗਰ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪਿਛਲੇ ਦੋ ਸਾਲਾਂ ਤੋਂ ਖੁਰਾਕੀ ਪਦਾਰਥ ਪੈਕ ਕਰਨ ਵਾਲੀਆਂ ਕੰਪਨੀਆਂ ਲਈ ਇਹ ਨਿਯਮ ਜ਼ਰੂਰੀ ਕੀਤੇ ਜਾਣ 'ਤੇ ਕੰਮ ਕੀਤਾ ਜਾ ਰਿਹਾ ਸੀ ਤੇ ਇਨ੍ਹਾਂ ਕਦਮਾਂ 'ਚ 'ਜੰਕ ਫੂਡ' ਯਾਨੀ ਬਰਗਰ ਵਰਗੀਆਂ ਚੀਜ਼ਾਂ 'ਤੇ 'ਫੈਟ ਟੈਕਸ' ਲਾਉਣ ਦਾ ਵਿਚਾਰ ਵੀ ਸੀ। ਸਿਹਤਮੰਦ ਤੇ ਸੁਰੱਖਿਅਤ ਭੋਜਨ ਨੂੰ ਬੜ੍ਹਾਵਾ ਦੇਣ ਲਈ FSSAI ਨੇ ਇਹ ਕਦਮ ਉਠਾਇਆ ਹੈ। ਪੈਕੇਟ ਬੰਦ ਖੁਰਾਕੀ ਪਦਾਰਥਾਂ 'ਚ ਨਮਕ, ਖੰਡ ਤੇ ਫੈਟ ਦੀ ਮਾਤਰਾ ਬਾਰੇ ਕੰਪਨੀਆਂ ਨੂੰ ਲਾਲ ਰੰਗ 'ਚ ਸਪੱਸ਼ਟ ਲਿਖਣਾ ਹੋਵੇਗਾ ਤੇ ਇਹ ਜਾਣਕਾਰੀ ਪੈਕੇਟ ਦੇ ਸਾਹਮਣੇ ਵਾਲੇ ਪਾਸੇ 'ਤੇ ਹੋਵੇਗੀ।

ਹਾਲਾਂਕਿ ਫੂਡ ਇੰਡਸਟਰੀ ਨੇ ਇਸ ਨੂੰ ਲੈ ਕੇ ਚਿੰਤਾ ਜਤਾਈ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਪੈਕੇਜਡ ਫੂਡ 'ਚ ਖੰਡ, ਨਮਕ ਅਤੇ ਫੈਟ ਦੀ ਮਾਤਰਾ ਸਵਾਦ ਨੂੰ ਦੇਖ ਕੇ ਰੱਖੀ ਜਾਂਦੀ ਹੈ। ਲਾਲ ਰੰਗ ਦੀ ਕੋਡ ਲੇਬਲਿੰਗ ਜ਼ਰੂਰੀ ਹੋਣ ਨਾਲ ਚਿਪਸ, ਸੂਪ, ਬਿਸਕੁਟ ਤੇ ਜੂਸ ਬਣਾਉਣ ਵਾਲੀਆਂ ਕੰਪਨੀਆਂ ਇਸ ਦਾਇਰੇ 'ਚ ਆਉਣਗੀਆਂ। ਉੱਥੇ ਹੀ, FSSAI ਦਾ ਕਹਿਣਾ ਹੈ ਕਿ ਨਵੇਂ ਲੇਬਲਿੰਗ ਨਿਯਮ ਦਾ ਮਕਸਦ ਲੋਕਾਂ ਨੂੰ ਫੂਡ ਪ੍ਰਾਡਕਟਸ ਬਾਰੇ ਜ਼ਿਆਦਾ ਜਾਣਕਾਰੀ ਦੇਣਾ ਹੈ, ਤਾਂ ਕਿ ਉਹ ਪਸੰਦ ਦੇ ਪ੍ਰਾਡਕਟਸ ਚੁਣ ਸਕਣ। ਉਸ ਦਾ ਕਹਿਣਾ ਹੈ ਕਿ ਇਹ ਨਿਯਮ ਅਜੇ ਤਿਆਰ ਕੀਤੇ ਜਾ ਰਹੇ ਹਨ ਤੇ ਫੀਡਬੈਕ ਦੇ ਆਧਾਰ 'ਤੇ ਇਨ੍ਹਾਂ 'ਚ ਬਦਲਾਅ ਵੀ ਹੋ ਸਕਦਾ ਹੈ।


Related News