ਮਹਾਮਾਰੀ ਵਿਚਕਾਰ ਪ੍ਰਮੁੱਖ ਬੰਦਰਗਾਹਾਂ 'ਤੇ ਮਾਲ ਢੁਆਈ 25 ਫੀਸਦੀ ਘਟੀ
Sunday, Sep 27, 2020 - 04:51 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਦੇਸ਼ ਦੀਆਂ ਪ੍ਰਮੁੱਖ ਬੰਦਰਗਾਹਾਂ 'ਤੇ ਮਾਲ ਢੁਆਈ (ਮਾਲ ਚੜ੍ਹਾਉਣਾ ਤੇ ਉਤਾਰਨਾ) ਚਾਲੂ ਵਿੱਤੀ ਸਾਲ ਦੀ ਅਪ੍ਰੈਲ ਤੋਂ ਅਗਸਤ ਮਿਆਦ ਦੌਰਾਨ ਤਕਰੀਬਨ 25 ਫੀਸਦੀ ਘੱਟ ਰਹੀ।
ਬੰਦਰਗਾਹਾਂ ਦੇ ਸੰਗਠਨ ਆਈ. ਪੀ. ਏ. ਦੇ ਅੰਕੜਿਆਂ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਭਾਰਤੀ ਬੰਦਰਗਾਹ ਸੰਘ (ਆਈ. ਪੀ. ਏ.) ਦੇ ਤਾਜ਼ਾ ਅੰਕੜਿਆਂ ਮੁਤਾਬਕ, ਇਨ੍ਹਾਂ ਪ੍ਰਮੁੱਖ 12 ਬੰਦਰਗਾਹਾਂ 'ਤੇ ਕੰਟੇਨਰ ਢੁਆਈ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੀ ਤੁਲਨਾ 'ਚ 25 ਫੀਸਦੀ ਘੱਟ ਹੋ ਕੇ 32.5 ਲੱਖ ਟੀ. ਈ. ਯੂ. 'ਤੇ ਆ ਗਈ।
ਵਜ਼ਨ ਦੇ ਹਿਸਾਬ ਨਾਲ ਢੁਆਈ ਇਸ ਦੌਰਾਨ 22.45 ਫੀਸਦੀ ਡਿੱਗ ਕੇ 492.6 ਲੱਖ ਟਨ 'ਤੇ ਆ ਗਈ। ਇਨ੍ਹਾਂ ਬੰਦਰਗਾਹਾਂ ਨੇ ਸਾਲ ਭਰ ਪਹਿਲਾਂ ਦੀ ਇਸੇ ਮਿਆਦ 'ਚ 43.4 ਲੱਖ ਟੀ. ਈ. ਯੂ. ਕੰਟੇਨਰਾਂ ਅਤੇ 635.6 ਲੱਖ ਟਨ ਰਹੀ ਸੀ।
ਅਪ੍ਰੈਲ-ਅਗਸਤ ਦੌਰਾਨ ਚੇਨਈ, ਕੋਚੀ ਅਤੇ ਕਾਮਰਾਜਾਰ ਬੰਦਰਗਾਹਾਂ ਦੀ ਢੁਆਈ 'ਚ ਤਕਰੀਬਨ 30 ਫੀਸਦੀ ਦੀ ਗਿਰਾਵਟ ਆਈ। ਉੱਥੇ ਹੀ, ਜੇ. ਐੱਨ. ਪੀ. ਟੀ. ਅਤੇ ਕੋਲਕਾਤਾ ਬੰਦਰਗਾਹਾਂ ਦੀ ਢੁਆਈ 20 ਫੀਸਦੀ ਤੋਂ ਵੱਧ ਘਟੀ। ਦੇਸ਼ 'ਚ ਕੇਂਦਰ ਦੇ ਕੰਟਰੋਲ ਵਾਲੇ 12 ਪ੍ਰਮੁੱਖ ਬੰਦਰਗਾਹਾਂ 'ਚ ਦੀਨਦਿਆਲ, ਮੁੰਬਈ, ਜੇ. ਐੱਨ. ਪੀ. ਟੀ., ਮੋਮੁਰਗਾਓ, ਨਿਊ ਮੰਗਲੂਰ, ਕਾਮਰਾਜਾਰ, ਕੋਚੀ, ਚੇਨਈ, ਵੀ. ਓ. ਚਿਦੰਬਰਨਾਰ, ਵਿਸ਼ਾਖਾਪਟਨਮ, ਪਾਰਾਦੀਪ ਅਤੇ ਕੋਲਕਾਤਾ (ਹਲਦੀਆ ਸਮੇਤ) ਸ਼ਾਮਲ ਹਨ। ਇਹ ਦੇਸ਼ ਦੇ ਕੁੱਲ ਕਾਰੋਗਾ ਦਾ ਤਕਰੀਬਨ 61 ਫੀਸਦੀ ਮਾਲ ਢੁਆਉਂਦੇ ਹਨ। ਪਿਛਲੇ ਵਿੱਤੀ ਵਰ੍ਹੇ 'ਚ ਇਨ੍ਹਾਂ ਬੰਦਰਗਾਹਾਂ 'ਤੇ 70.5 ਕਰੋੜ ਟਨ ਮਾਲ ਆਇਆ ਸੀ।