FPI ਨੇ ਮਾਰਚ 'ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ ਕੱਢੇ ਇੰਨੇ ਕਰੋੜ ਰੁ:
Sunday, Mar 07, 2021 - 10:32 AM (IST)
ਨਵੀਂ ਦਿੱਲੀ- ਸੰਯੁਕਤ ਰਾਜ ਅਮਰੀਕਾ ਵਿਚ ਬਾਂਡ ਯੀਲਡ ਵਧਣ ਅਤੇ ਮੁਨਾਫਾਵਸੂਲੀ ਦੇ ਸਿਲਸਿਲੇ ਵਿਚਕਾਰ ਮਾਰਚ ਦੇ ਪਹਿਲੇ ਹਫ਼ਤੇ ਵਿਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਪੂੰਜੀ ਬਾਜ਼ਾਰਾਂ ਵਿਚੋਂ 5,156 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਸ ਤੋਂ ਪਿਛਲੇ ਦੋ ਮਹੀਨਿਆਂ ਦੌਰਾਨ ਐੱਫ. ਪੀ. ਆਈ. ਭਾਰਤੀ ਬਾਜ਼ਾਰਾਂ ਵਿਚ ਸ਼ੁੱਧ ਨਿਵੇਸ਼ਕ ਰਹੇ ਸਨ।
ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ, 1 ਤੋਂ 5 ਮਾਰਚ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰ ਬਾਜ਼ਾਰਾਂ ਤੋਂ ਸ਼ੁੱਧ ਰੂਪ ਨਾਲ 881 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ ਤੋਂ 4,275 ਕਰੋੜ ਰੁਪਏ ਕੱਢੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਸ਼ੁੱਧ ਨਿਕਾਸੀ 5,156 ਕਰੋੜ ਰੁਪਏ ਰਹੀ।
ਇਸ ਤੋਂ ਪਹਿਲਾਂ ਫਰਵਰੀ ਵਿਚ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ਵਿਚ 23,663 ਕਰੋੜ ਰੁਪਏ ਅਤੇ ਜਨਵਰੀ ਵਿਚ 14,649 ਕਰੋੜ ਰੁਪਏ ਪਾਏ ਸਨ। ਵਿਸ਼ਲੇਸ਼ਕਾਂ ਮੁਤਾਬਕ, ਐੱਫ. ਪੀ. ਆਈ. ਦੀ ਨਿਕਾਸੀ ਦੀ ਵਜ੍ਹਾ ਬਾਜ਼ਾਰ ਦੇ ਸਵਰਉੱਚ ਪੱਧਰ 'ਤੇ ਪਹੁੰਚਣ ਦੀ ਵਜ੍ਹਾ ਨਾਲ ਨਿਵੇਸ਼ਕਾਂ ਵੱਲੋਂ ਮੁਨਾਫਾ ਕੱਢਿਆ ਜਾਣਾ ਹੈ। ਇਸ ਤੋਂ ਇਲਾਵਾ ਬਾਂਡ ਯੀਲਡ ਵਧਣ ਅਤੇ ਮਹਿੰਗਾਈ ਦੀ ਵਜ੍ਹਾ ਨਾਲ ਵੀ ਸ਼ੇਅਰਾਂ ਵਿਚ ਐੱਫ. ਪੀ. ਆਈ. ਦਾ ਨਿਵੇਸ਼ ਪ੍ਰਭਾਵਿਤ ਹੋਇਆ। ਮਾਰਚ ਵਿਚ ਐੱਫ. ਪੀ. ਆਈ. ਦੀ ਨਿਕਾਸੀ ਦੀ ਮੁੱਖ ਵਜ੍ਹਾ ਅਮਰੀਕਾ ਵਿਚ ਬਾਂਡ ਯੀਲਡ ਚੜ੍ਹਨਾ ਅਤੇ ਡਾਲਰ ਇੰਡੈਕਸ ਦਾ ਮਜਬੂਤ ਹੋਣਾ ਹੈ। ਜਦੋਂ ਵੀ ਅਮਰੀਕਾ ਵਿਚ ਬਾਂਡ ਯੀਲਡ ਵਧਦੀ ਹੈ ਤਾਂ ਇਸੇ ਤਰ੍ਹਾਂ ਦਾ ਰੁਖ਼ ਦੇਖਣ ਨੂੰ ਮਿਲਦਾ ਹੈ।