ਬਾਜ਼ਾਰ ਨੂੰ ਹੁਲਾਰਾ, FPIs ਵੱਲੋਂ 41,000 ਕਰੋੜ ਤੋਂ ਵੱਧ ਦਾ ਨਿਵੇਸ਼
Sunday, Aug 23, 2020 - 04:12 PM (IST)

ਨਵੀਂ ਦਿੱਲੀ— ਵਿਦੇਸ਼ੀ ਨਿਵੇਸ਼ਕਾਂ ਨੇ ਅਗਸਤ ਮਹੀਨੇ 'ਚ ਹੁਣ ਤੱਕ ਭਾਰਤੀ ਬਾਜ਼ਾਰਾਂ 'ਚ ਸ਼ੁੱਧ ਰੂਪ ਨਾਲ 41,330 ਕਰੋੜ ਰੁਪਏ ਦੀ ਰਕਮ ਨਿਵੇਸ਼ ਕੀਤੀ ਹੈ।
ਡਿਪਾਜ਼ਟਰੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਤਿੰਨ ਤੋਂ 21 ਅਗਸਤ ਵਿਚਕਾਰ 40,262 ਕਰੋੜ ਰੁਪਏ ਇਕੁਇਟੀ 'ਚ ਅਤੇ 1,068 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤੇ ਹਨ।
ਇਸ ਤੋਂ ਪਹਿਲਾਂ ਐੱਫ. ਪੀ. ਆਈ. ਲਗਾਤਾਰ ਦੋ ਮਹੀਨੇ ਸ਼ੁੱਧ ਖਰੀਦਦਾਰ ਰਹੇ ਸਨ। ਉਨ੍ਹਾਂ ਨੇ ਜੁਲਾਈ 'ਚ 3,301 ਕਰੋੜ ਰੁਪਏ ਅਤੇ ਜੂਨ 'ਚ 24,053 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਬਾਜ਼ਾਰ ਮਾਹਰਾਂ ਅਨੁਸਾਰ, ਬਹੁਤ ਸਾਰੇ ਕੇਂਦਰੀ ਬੈਂਕਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਅਤੇ ਆਰਥਿਕਤਾਵਾਂ ਨੂੰ ਹੁਲਾਰਾ ਦੇਣ ਲਈ ਤਰਲਤਾ ਵਧਾਈ ਹੈ। ਉਨ੍ਹਾਂ ਕਿਹਾ, ਨਾਲ ਹੀ, ਅਮਰੀਕਾ ਲਗਾਤਾਰ ਪੈਸਾ ਛਾਪ ਰਿਹਾ ਹੈ। ਜ਼ਿਆਦਾ ਤਰਲਤਾ ਭਾਰਤ ਅਤੇ ਹੋਰ ਉੱਭਰ ਰਹੇ ਬਾਜ਼ਾਰਾਂ 'ਚ ਦਾਖਲ ਹੋ ਰਹੀ ਹੈ। ਸ੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਨੇ ਆਪਣਾ ਧਿਆਨ ਭਾਰਤ ਵਰਗੇ ਉਭਰ ਰਹੇ ਬਾਜ਼ਾਰਾਂ ਵੱਲ ਮੋੜਿਆ ਹੈ ਕਿਉਂਕਿ ਇਹ ਬਾਜ਼ਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਵਧੀਆ ਰਿਟਰਨ ਪੈਦਾ ਕਰਨ ਦੀ ਚੰਗੀ ਸੰਭਾਵਨਾ ਦੀ ਪੇਸ਼ਕਸ਼ ਕਰਦੇ ਹਨ।
ਘਰੇਲੂ ਮੋਰਚੇ 'ਤੇ, ਆਰਥਿਕਤਾ ਦਾ ਖੁੱਲ੍ਹਣਾ ਅਤੇ ਕਾਰੋਬਾਰੀ ਗਤੀਵਿਧੀਆਂ ਦਾ ਮੁੜ ਸ਼ੁਰੂ ਹੋਣਾ ਵੀ ਇਕ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤੀ ਇਕੁਇਟੀਜ਼ ਦਾ ਆਕਰਸ਼ਕ ਮੁੱਲ ਹੋਣਾ ਐੱਫ. ਪੀ. ਆਈ. ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।