FPI ਨੇ ਦਸੰਬਰ ''ਚ ਹੁਣ ਤੱਕ ਭਾਰਤੀ ਬਾਜ਼ਾਰਾਂ ''ਚ 10,555 ਕਰੋੜ ਰੁਪਏ ਦਾ ਕੀਤਾ ਨਿਵੇਸ਼
Sunday, Dec 18, 2022 - 05:46 PM (IST)
ਨਵੀਂ ਦਿੱਲੀ- ਅਮਰੀਕਾ 'ਚ ਮੁਦਰਾਸਫੀਤੀ 'ਚ ਨਰਮੀ ਅਤੇ ਤੇਲ ਦੀਆਂ ਕੀਮਤਾਂ 'ਚ ਸਥਿਰਤਾ ਦੇ ਵਿਚਕਾਰ ਵਿਦੇਸ਼ੀ ਨਿਵੇਸ਼ਕਾਂ ਨੇ ਦਸੰਬਰ ਮਹੀਨੇ 'ਚ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਕੁੱਲ 10,555 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਨਵੰਬਰ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਭਾਰਤੀ ਬਾਜ਼ਾਰਾਂ 'ਚ 36,200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਸੀ।
ਡਿਪਾਜ਼ਟਰੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਕ ਤੋਂ 16 ਦਸੰਬਰ ਦੇ ਵਿਚਕਾਰ ਐੱਫ.ਪੀ.ਆਈ ਨੇ 10,555 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਅਤੇ ਇਸ ਦੇ ਪਿਛੇ ਡਾਲਰ ਸੂਚਕਾਂਕ ਦਾ ਕਮਜ਼ੋਰ ਹੋਣਾ ਅਤੇ ਸਕਾਰਾਤਮਕ ਮੈਕਰੋ-ਆਰਥਿਕ ਰੁਝਾਨ ਹਨ। ਇਸ ਤੋਂ ਪਹਿਲਾਂ ਸਤੰਬਰ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰਾਂ 'ਚੋਂ 7,624 ਕਰੋੜ ਰੁਪਏ ਅਤੇ ਅਕਤੂਬਰ 'ਚ 8 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਦਾ ਮੰਨਣਾ ਹੈ ਕਿ ਵਿਦੇਸ਼ੀ ਪੂੰਜੀ ਪ੍ਰਵਾਹ ਗਲੋਬਲ ਵਿਕਾਸ 'ਤੇ ਨਿਰਭਰ ਕਰੇਗਾ। ਡਾਲਰ ਇੰਡੈਕਸ ਅਤੇ ਯੂ.ਐੱਸ ਬਾਂਡ ਦਾ ਰਿਟਰਨ ਅਮਰੀਕਾ 'ਚ ਮਹਿੰਗਾਈ ਦੇ ਪੱਧਰ 'ਤੇ ਨਿਰਭਰ ਕਰੇਗਾ।
ਇਸ ਦੇ ਨਾਲ ਹੀ, ਕੋਟਕ ਸਕਿਓਰਿਟੀਜ਼ ਦੇ ਇਕੁਇਟੀ ਖੋਜ (ਰਿਟੇਲ) ਦੇ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਐੱਫ.ਪੀ.ਆਈਜ਼ ਤੋਂ ਪੂੰਜੀ ਪ੍ਰਵਾਹ ਅਸਥਿਰ ਰਹਿ ਸਕਦਾ ਹੈ ਕਿਉਂਕਿ ਦੁਨੀਆ ਭਰ ਦੇ ਬਾਜ਼ਾਰਾਂ 'ਚ ਅਸਥਿਰਤਾ ਵਧ ਰਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਨੂੰ ਲੰਬੇ ਸਮੇਂ ਤੱਕ ਉੱਚੀਆਂ ਰੱਖਣ ਦਾ ਇਰਾਦਾ ਜ਼ਾਹਰ ਕੀਤਾ ਹੈ। ਭਾਰਤ ਨੂੰ ਛੱਡ ਕੇ ਫਿਲੀਪੀਨਜ਼, ਦੱਖਣੀ ਕੋਰੀਆ, ਤਾਈਵਾਨ, ਥਾਈਲੈਂਡ ਅਤੇ ਇੰਡੋਨੇਸ਼ੀਆ ਸਮੇਤ ਸਾਰੇ ਉਭਰਦੇ ਬਾਜ਼ਾਰਾਂ 'ਚ ਦਸੰਬਰ 'ਚ ਹੁਣ ਤੱਕ ਐੱਫ.ਪੀ.ਆਈ ਪ੍ਰਵਾਹ ਨੈਗੇਟਿਵ ਰਿਹਾ ਹੈ।