ਮਾਰੂਤੀ ਸੁਜ਼ੂਕੀ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਜਗਦੀਸ਼ ਖੱਟਰ ਦਾ ਦਿਹਾਂਤ
Monday, Apr 26, 2021 - 03:53 PM (IST)
ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਜਗਦੀਸ਼ ਖੱਟਰ ਦੀ ਸੋਮਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਾਬਕਾ ਨੌਕਰਸ਼ਾਹ ਖੱਟਰ (79) ਨੂੰ ਭਾਰਤੀ ਆਟੋਮੋਟਿਵ ਉਦਯੋਗ ਵਿਚ ਸਭ ਤੋਂ ਮਹਾਨ ਸ਼ਖਸੀਅਤਾਂ ਵਿਚੋਂ ਇੱਕ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਸਰਕਾਰ ਵੱਲੋਂ 2002 ਵਿਚ ਮਾਰੂਤੀ ਦੇ ਵਿਨਿਵੇਸ਼ ਦੀ ਸ਼ੁਰੂਆਤ ਤੋਂ ਬਾਅਦ ਇਸ ਆਟੋ ਕੰਪਨੀ ਦੇ ਭਵਿੱਖ ਦੇ ਵਿਕਾਸ ਦੀ ਨੀਂਹ ਰੱਖੀ ਸੀ।
ਉਹ ਜੁਲਾਈ 1993 ਤਤਕਾਲੀਨ ਮਾਰੂਤੀ ਉਦਯੋਗ ਲਿਮਟਿਡ ਵਿਚ ਨਿਰਦੇਸ਼ਕ (ਮਾਰਕੀਟਿੰਗ) ਦੇ ਰੂਪ ਵਿਚ ਸ਼ਾਮਲ ਹੋਏ ਸਨ ਅਤੇ ਅਗਲੇ ਛੇ ਸਾਲਾਂ ਵਿਚ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ) ਬਣ ਗਏ।
ਫਿਰ ਉਨ੍ਹਾਂ ਨੂੰ 1999 ਵਿਚ ਸੰਯੁਕਤ ਪ੍ਰਬੰਧ ਨਿਰਦੇਸ਼ਕ ਬਣਾਇਆ ਗਿਆ, ਜਿਸ ਸਾਲ ਸੁਜ਼ੂਕੀ ਮੋਟਰ ਕਾਰਪੋਰੇਸ਼ਨ (ਐੱਸ. ਐੱਮ. ਸੀ.) ਅਤੇ ਸਰਕਾਰ ਵਿਚਾਲੇ ਬਹੁਤ ਸਾਰੇ ਮਤਭੇਦ ਸਨ। ਭਾਈਵਾਲਾਂ ਵਿਚਾਲੇ ਹੋਏ ਸਮਝੌਤੇ ਅਨੁਸਾਰ ਖੱਟਰ ਨੂੰ ਮਾਰੂਤੀ ਉਦਯੋਗ ਲਿਮਟਿਡ ਦਾ ਐੱਮ. ਡੀ. ਬਣਾਇਆ ਗਿਆ। ਇਸ ਦੌਰਾਨ ਖੱਟਰ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਸਰਕਾਰ ਤੇ ਜਾਪਾਨੀ ਭਾਈਵਾਲ ਮਾਲਕੀ ਅਤੇ ਤਕਨਾਲੋਜੀ ਟ੍ਰਾਂਸਫਰ ਵਰਗੇ ਵੱਖ-ਵੱਖ ਮੁੱਦਿਆਂ ਵਿਚ ਉਲਝੇ ਹੋਏ ਸਨ। ਖੱਟਰ ਨੂੰ ਉਦਯੋਗਿਕ ਸੰਬੰਧਾਂ ਦੇ ਮੁੱਦਿਆਂ ਨਾਲ ਵੀ ਨਜਿੱਠਣਾ ਪਿਆ ਜਦੋਂ ਕੰਪਨੀ ਦੇ ਗੁਰੂਗਰਾਮ ਪਲਾਂਟ ਵਿਚ 2000 ਕਰਮਚਾਰੀ ਤਨਖਾਹਾਂ ਵਿਚ ਵਾਧੇ ਅਤੇ ਪੈਨਸ਼ਨ ਵਰਗੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਸਨ। ਇਸ ਤੋਂ ਬਾਅਦ ਜਦੋਂ 2002 ਵਿਚ ਐੱਮ. ਡੀ. ਨਿਯੁਕਤ ਕਰਨ ਦੀ ਐੱਸ. ਐੱਮ. ਸੀ. ਦੀ ਵਾਰੀ ਆਈ ਤਾਂ ਉਸ ਨੇ ਦੁਬਾਰਾ ਖੱਟਰ ਦਾ ਨਾਮ ਚੁਣਿਆ। ਐੱਮ. ਡੀ. ਵਜੋਂ ਉਨ੍ਹਾਂ ਦਾ ਦੂਜਾ ਕਾਰਜਕਾਲ ਮਈ 2002 ਵਿਚ ਸ਼ੁਰੂ ਹੋਇਆ ਸੀ। ਉਹ 2007 ਵਿਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਦੇ ਚੋਟੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।