ਫਾਰੈਕਸ ਮਾਰਕੀਟ ’ਚ ਹੜਕੰਪ, ਹੁਣ ਤੱਕ ਦੀ ਸਭ ਤੋਂ ਹੇਠਲੇ ਪੱਧਰ ''ਤੇ ਰੁਪਿਆ, ਕੀ ਅਰਥਵਿਵਸਥਾ ਲਈ ਖਤਰੇ ਦੀ ਘੰਟੀ?
Thursday, Dec 04, 2025 - 11:51 AM (IST)
ਮੁੰਬਈ (ਏਜੰਸੀਆਂ) - ਫਾਰੈਕਸ ਮਾਰਕੀਟ ’ਚ ਅੱਜ ਭਾਰੀ ਉਤਾਰ–ਚੜ੍ਹਾਅ ਦੇਖਣ ਨੂੰ ਮਿਲਿਆ, ਜਿੱਥੇ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 90.21 ਦੇ ਕੁੱਲ-ਵਕਤੀ ਹੇਠਲੇ ਪੱਧਰ ਤੱਕ ਡਿੱਗ ਗਿਆ। ਡਾਲਰ ਦੀ ਮਜ਼ਬੂਤੀ ਅਤੇ ਗਲੋਬਲ ਬਜ਼ਾਰਾਂ ’ਚ ਵਧਦੀ ਬੇਭਰੋਸਗੀ ਨੇ ਰੁਪਏ ’ਤੇ ਤੇਜ਼ ਦਬਾਅ ਬਣਾਇਆ, ਜਿਸ ਨਾਲ ਕਰੰਸੀ ’ਚ ਇਹ ਇਤਿਹਾਸਕ ਗਿਰਾਵਟ ਦਰਜ ਹੋਈ। ਨਿਵੇਸ਼ਕਾਂ ’ਚ ਚਿੰਤਾ ਵਧੀ ਹੈ ਕਿਉਂਕਿ ਕਮਜ਼ੋਰ ਰੁਪਇਆ ਦਰਾਮਦ ਦੀ ਲਾਗਤ ਅਤੇ ਮਹਿੰਗਾਈ ’ਤੇ ਸਿੱਧਾ ਅਸਰ ਪਾ ਸਕਦਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
ਭਾਰਤੀ ਰੁਪਏ ਦੀ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹਰ ਨਵੇਂ ਦਿਨ ਨਵੇਂ ਰਿਕਾਰਡ ਟੁੱਟ ਰਹੇ ਹਨ ਅਤੇ ਬੁੱਧਵਾਰ ਦਾ ਦਿਨ ਭਾਰਤੀ ਕਰੰਸੀ ਲਈ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸਾਬਤ ਹੋਇਆ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਪਹਿਲੀ ਵਾਰ 90 ਦੇ ਹੇਠਾਂ ਡਿੱਗ ਕੇ 90.21 ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ।
ਇਹ ਸਿਰਫ ਇਕ ਅੰਕੜਾ ਨਹੀਂ, ਸਗੋਂ ਭਾਰਤੀ ਅਰਥਵਿਵਸਥਾ ਦੇ ਸਾਹਮਣੇ ਖੜ੍ਹੀਆਂ ਸੰਭਾਵੀ ਮੁਸ਼ਕਲਾਂ ਦੀ ਜ਼ੋਰਦਾਰ ਘੰਟੀ ਹੈ। ਲਗਾਤਾਰ ਡਾਲਰ ਖਰੀਦ ਰਹੇ ਦਰਾਮਦਕਾਰ, ਭਾਰਤ-ਅਮਰੀਕਾ ਟ੍ਰੇਡ ਡੀਲ ’ਚ ਦੇਰੀ ਅਤੇ ਗਲੋਬਲ ਬਿਕਵਾਲੀ ਨੇ ਰੁਪਏ ਨੂੰ ਧੜੰਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਤਾਬੜਤੋੜ ਵਾਧਾ, Experts ਨੇ ਦੱਸਿਆ ਕਿੱਥੇ ਤੱਕ ਜਾਣਗੀਆਂ ਕੀਮਤਾਂ
ਖੁੱਲ੍ਹਦਿਆਂ ਸਾਰ ਹੀ ਢਹਿਢੇਰੀ ਹੋਇਆ ਰੁਪਇਆ
ਬੁੱਧਵਾਰ ਦੀ ਸ਼ੁਰੂਆਤ ਤੋਂ ਹੀ ਭਾਰਤੀ ਕੰਰਸੀ ਦਬਾਅ ’ਚ ਨਜ਼ਰ ਆਈ। ਬਾਜ਼ਾਰ ਖੁੱਲ੍ਹਦਿਆਂ ਹੀ ਰੁਪਇਆ 89.97 ’ਤੇ ਸੀ ਪਰ ਕੁਝ ਹੀ ਮਿੰਟਾਂ ’ਚ ਇਹ 90 ਤੋਂ ਪਾਰ ਚਲਾ ਗਿਆ। ਦੁਪਹਿਰ ਤੱਕ ਇਹ ਡਿੱਗ ਕੇ 90.14 ਦੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਟ੍ਰੇਡ ਕਰਦਾ ਨਜ਼ਰ ਆਇਆ ਅਤੇ ਅੰਤ ’ਚ ਇਹ ਅਮਰੀਕੀ ਕੰਰਸੀ ਦੇ ਮੁਕਾਬਲੇ 25 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 90.21 ਰੁਪਏ ਪ੍ਰਤੀ ਡਾਲਰ (ਅਸਥਾਈ) ’ਤੇ ਬੰਦ ਹੋਇਆ।
ਡੀਲਰਾਂ ਦਾ ਮੰਨਣਾ ਹੈ ਕਿ ਬਾਜ਼ਾਰ ’ਚ ਬੇਚੈਨੀ ਵਧੀ ਹੋਈ ਹੈ ਅਤੇ ਹੁਣੇ ਇਹ ਅੰਦਾਜ਼ਾ ਲਾਉਣਾ ਬੇਹੱਦ ਮੁਸ਼ਕਿਲ ਹੈ ਕਿ ਰੁਪਏ ਦੀ ਗਿਰਾਵਟ ਕਿੱਥੇ ਜਾ ਕੇ ਰੁਕੇਗੀ। ਕੁਝ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਆਰ. ਬੀ. ਆਈ. ਨੇ ਕਰੰਸੀ ਨੂੰ ਸੰਭਾਲਣ ਲਈ ਡਾਲਰ ਦੀ ਵਿਕਰੀ ਕੀਤੀ ਹੋਵੇਗੀ ਪਰ ਦਬਾਅ ਇੰਨਾ ਜ਼ਿਆਦਾ ਹੈ ਕਿ ਇਸ ਦਾ ਅਸਰ ਸੀਮਤ ਹੀ ਰਿਹਾ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਕੀ ਅਰਥਵਿਵਸਥਾ ਲਈ ਖਤਰੇ ਦੀ ਘੰਟੀ?
ਕਿਸੇ ਵੀ ਦੇਸ਼ ਦੀ ਕਰੰਸੀ ਦਾ ਤੇਜ਼ੀ ਨਾਲ ਡਿੱਗਣਾ ਉਸ ਦੀ ਅਰਥਵਿਵਸਥਾ ਲਈ ਚੰਗਾ ਸੰਕੇਤ ਨਹੀਂ ਹੁੰਦਾ। ਭਾਰਤ ਵਰਗੇ ਦੇਸ਼, ਜਿੱਥੇ 80 ਫ਼ੀਸਦੀ ਤੋਂ ਜ਼ਿਆਦਾ ਕੱਚਾ ਤੇਲ ਦਰਾਮਦ ਹੁੰਦਾ ਹੈ, ਉੱਥੇ ਰੁਪਏ ਦੀ ਗਿਰਾਵਟ ਮਹਿੰਗਾਈ ’ਚ ਵਾਧਾ ਕਰਨ ਦਾ ਵੱਡਾ ਕਾਰਨ ਬਣ ਸਕਦੀ ਹੈ। ਡਾਲਰ ਮਹਿੰਗਾ ਹੁੰਦਿਆਂ ਹੀ ਪੈਟਰੋਲ-ਡੀਜ਼ਲ ਖਰੀਦਣ ’ਚ ਜ਼ਿਆਦਾ ਰਕਮ ਖਰਚ ਕਰਨੀ ਪਵੇਗੀ, ਜਿਸ ਦਾ ਸਿੱਧਾ ਅਸਰ ਟਰਾਂਸਪੋਰਟ, ਲਾਜਿਸਟਿਕਸ ਕਾਸਟ ਅਤੇ ਖਪਤਕਾਰ ਵਸਤਾਂ ਦੀਆਂ ਕੀਮਤਾਂ ’ਤੇ ਦਿਸੇਗਾ।
ਰੁਪਏ ’ਚ ਗਿਰਾਵਟ ਚਿੰਤਾ ਦਾ ਵਿਸ਼ਾ ਨਹੀਂ : ਸੀ. ਈ. ਏ. ਨਾਗੇਸ਼ਵਰਨ
ਮੁੱਖ ਆਰਥਕ ਸਲਾਹਕਾਰ (ਸੀ. ਈ. ਏ.) ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਸਰਕਾਰ ਰੁਪਏ ’ਚ ਗਿਰਾਵਟ ਨੂੰ ਲੈ ਕੇ ਚਿੰਤਿਤ ਨਹੀਂ ਹੈ, ਜੋ ਡਾਲਰ ਦੇ ਮੁਕਾਬਲੇ 90 ਦੇ ਪੱਧਰ ਨੂੰ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਦੇ ਇੱਥੇ ਆਯੋਜਿਤ ਇਕ ਪ੍ਰੋਗਰਾਮ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਰੁਪਏ ’ਚ ਗਿਰਾਵਟ ਦਾ ਮਹਿੰਗਾਈ ਜਾਂ ਬਰਾਮਦ ’ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਉਨ੍ਹਾਂ ਹਾਲਾਂਕਿ ਅਗਲੇ ਸਾਲ ਰੁਪਏ ’ਚ ਸੁਧਾਰ ਦੀ ਉਮੀਦ ਪ੍ਰਗਟਾਈ। ਰੁਪਇਆ ਬੁੱਧਵਾਰ ਨੂੰ ਕਾੋਰਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ 90.30 ਪ੍ਰਤੀ ਡਾਲਰ ਦੇ ਕੁੱਲ-ਵਕਤੀ ਹੇਠਲੇ ਪੱਧਰ ’ਤੇ ਆ ਗਿਆ। ਵਿਦੇਸ਼ੀ ਪੂੰਜੀ ਦੀ ਨਿਕਾਸੀ ਅਤੇ ਬੈਂਕਾਂ ਵੱਲੋਂ ਡਾਲਰ ਦੀ ਲਗਾਤਾਰ ਖਰੀਦ ਦਰਮਿਆਨ ਘਰੇਲੂ ਕਰੰਸੀ ਦਬਾਅ ’ਚ ਰਹੀ। ਇਸ ਤੋਂ ਇਲਾਵਾ ਘਰੇਲੂ ਸ਼ੇਅਰ ਬਾਜ਼ਾਰ ’ਚ ਗਿਰਾਵਟ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਦੁਚਿੱਤੀ ਨੇ ਸਥਾਨਕ ਕਰੰਸੀ ’ਤੇ ਹੋਰ ਦਬਾਅ ਪਾਇਆ।
ਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਦਿਨ ਗਿਰਾਵਟ
ਭਾਰਤੀ ਸ਼ੇਅਰ ਬਾਜ਼ਾਰ ’ਚ ਅੱਜ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਨੂੰ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 31.46 ਅੰਕਾਂ ਦੀ ਗਿਰਾਵਟ ਨਾਲ 85,106.81 ਦੇ ਪੱਧਰ ’ਤੇ ਬੰਦ ਹੋਇਆ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 50 ਇੰਡੈਕਸ ਵੀ 46.20 ਅੰਕਾਂ ਦੇ ਨੁਕਸਾਨ ਨਾਲ 25,986.00 ਅੰਕਾਂ ’ਤੇ ਬੰਦ ਹੋਇਆ। ਅੱਜ ਸੈਂਸੈਕਸ ਅਤੇ ਨਿਫਟੀ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ ’ਚ ਬੰਦ ਹੋਏ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਬਾਜ਼ਾਰ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ। ਬੀਤੇ ਕੱਲ (ਮੰਗਲਵਾਰ ਨੂੰ) ਸੈਂਸੈਕਸ 503.63 ਅੰਕਾਂ ਦੀ ਗਿਰਾਵਟ ਨਾਲ 85,138.27 ਅੰਕ ਅਤੇ ਨਿਫਟੀ 143.55 ਅੰਕਾਂ (0.55 ਫ਼ੀਸਦੀ) ਦੇ ਨੁਕਸਾਨ ਨਾਲ 26,032.20 ਅੰਕ ’ਤੇ ਬੰਦ ਹੋਇਆ।
ਸੈਂਸੈਕਸ ਦੀਆਂ 30 ’ਚੋਂ ਸਿਰਫ 10 ਕੰਪਨੀਆਂ ਦੇ ਸ਼ੇਅਰ ਵਾਧੇ ਨਾਲ ਹਰੇ ਨਿਸ਼ਾਨ ’ਚ ਬੰਦ ਹੋਏ ਅਤੇ ਬਾਕੀ ਦੀਆਂ ਸਾਰੀਆਂ 20 ਕੰਪਨੀਆਂ ਦੇ ਸ਼ੇਅਰ ਗਿਰਾਵਟ ਨਾਲ ਲਾਲ ਨਿਸ਼ਾਨ ’ਚ ਬੰਦ ਹੋਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
