ਭਾਰਤ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਲਈ ਵੱਡੀ ਸਹੂਲਤ, NPCI ਨੇ ਲਾਂਚ ਕੀਤਾ 'UPI One World' ਵਾਲਿਟ

Monday, Feb 16, 2026 - 03:45 PM (IST)

ਭਾਰਤ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਲਈ ਵੱਡੀ ਸਹੂਲਤ, NPCI ਨੇ ਲਾਂਚ ਕੀਤਾ 'UPI One World' ਵਾਲਿਟ

ਬਿਜ਼ਨੈੱਸ ਡੈਸਕ : ਭਾਰਤ ਦੀ ਡਿਜੀਟਲ ਕ੍ਰਾਂਤੀ ਹੁਣ ਸਿਰਫ਼ ਭਾਰਤੀਆਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਵਿਦੇਸ਼ਾਂ ਤੋਂ ਆਉਣ ਵਾਲੇ ਮਹਿਮਾਨ ਵੀ ਇਸ ਸਹੂਲਤ ਦਾ ਲਾਭ ਲੈ ਸਕਣਗੇ। ਦਿੱਲੀ ਵਿੱਚ ਆਯੋਜਿਤ ਹੋ ਰਹੀ ‘ਇੰਡੀਆ ਏਆਈ ਇਮਪੈਕਟ ਸਮਿਟ 2026’ (India AI Impact Summit 2026) ਦੌਰਾਨ ‘ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ’ (NPCI) ਨੇ ਵਿਦੇਸ਼ੀ ਸੈਲਾਨੀਆਂ ਲਈ 'UPI One World' ਸੇਵਾ ਦਾ ਵਿਸਥਾਰ ਕੀਤਾ ਹੈ। ਇਸ ਸਹੂਲਤ ਰਾਹੀਂ 40 ਤੋਂ ਵੱਧ ਦੇਸ਼ਾਂ ਦੇ ਮਹਿਮਾਨ ਬਿਨਾਂ ਭਾਰਤੀ ਬੈਂਕ ਖਾਤੇ ਜਾਂ ਭਾਰਤੀ ਸਿਮ ਕਾਰਡ ਦੇ UPI ਰਾਹੀਂ ਭੁਗਤਾਨ ਕਰ ਸਕਣਗੇ।

ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹੋ  'UPI One World' ਵਾਲਿਟ

ਇਹ ਪ੍ਰੀਪੇਡ ਪੇਮੈਂਟ ਇੰਸਟ੍ਰੂਮੈਂਟ (PPI) ਵਾਲਿਟ ਹੈ। ਵਿਦੇਸ਼ੀ ਯਾਤਰੀ ਇਸ ਸਹੂਲਤ ਨੂੰ ਨਵੀਂ ਦਿੱਲੀ ਹਵਾਈ ਅੱਡੇ ਜਾਂ ਭਾਰਤ ਮੰਡਪਮ ਦੇ NPCI ਪਵੇਲੀਅਨ ਤੋਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਵਾਲਿਟ ਦੀ ਮਦਦ ਨਾਲ ਸੈਲਾਨੀਆਂ ਨੂੰ ਨਕਦੀ (Cash) ਰੱਖਣ ਅਤੇ ਵਿਦੇਸ਼ੀ ਮੁਦਰਾ ਵਟਾਂਦਰੇ (Currency Exchange) ਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ। ਕਿਸੇ ਵੀ ਸ਼ਾਪਿੰਗ ਮਾਲ ਜਾਂ ਦੁਕਾਨ 'ਤੇ ਲੱਗੇ UPI QR ਕੋਡ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਣਗੇ।

ਇਸਤੇਮਾਲ ਕਰਨ ਦਾ ਤਰੀਕਾ :

ਵਿਦੇਸ਼ੀ ਮਹਿਮਾਨ ਇਸ ਸੇਵਾ ਦੀ ਵਰਤੋਂ ਕਰਨ ਲਈ ਪਹਿਲਾਂ ਕਰਨ ਇਹ ਕੰਮ

• ਸਭ ਤੋਂ ਪਹਿਲਾਂ ਪਲੇ ਸਟੋਰ ਜਾਂ ਐਪ ਸਟੋਰ ਤੋਂ CheqUPI ਐਪ ਡਾਊਨਲੋਡ ਕਰਨੀ ਪਵੇਗੀ।

• ਆਪਣਾ ਨਾਂ, ਈਮੇਲ ਅਤੇ ਪਾਸਪੋਰਟ/ਵੀਜ਼ਾ ਵਰਗੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਹੋਣਗੇ।

• ਐਪ ਵਿੱਚ ਇੱਕ ਸੈਲਫੀ ਲੈ ਕੇ ਆਪਣਾ ਯੂਨੀਕ UPI ਪਿਨ ਸੈੱਟ ਕਰਨਾ ਹੋਵੇਗਾ।

• ਇਸ ਤੋਂ ਬਾਅਦ ਆਪਣੇ ਅੰਤਰਰਾਸ਼ਟਰੀ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਪੈਸੇ ਲੋਡ ਕਰਕੇ ਵਾਲਿਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਹੋਰ ਜ਼ਰੂਰੀ ਨਿਯਮ :

ਯਾਤਰੀਆਂ ਦੀ ਸਹੂਲਤ ਲਈ ਇਸ ਵਾਲਿਟ ਵਿੱਚ ਪ੍ਰਤੀ ਲੈਣ-ਦੇਣ 25,000 ਰੁਪਏ ਤੱਕ ਲੋਡ ਕਰਨ ਦੀ ਸਹੂਲਤ ਦਿੱਤੀ ਗਈ ਹੈ, ਜਦਕਿ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 50,000 ਰੁਪਏ ਲੋਡ ਕੀਤੇ ਜਾ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਜੇਕਰ ਯਾਤਰਾ ਖ਼ਤਮ ਹੋਣ 'ਤੇ ਵਾਲਿਟ ਵਿੱਚ ਪੈਸੇ ਬਚ ਜਾਂਦੇ ਹਨ, ਤਾਂ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਵਾਪਸ ਮੂਲ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

NPCI ਦੀ ਐਗਜ਼ੀਕਿਊਟਿਵ ਡਾਇਰੈਕਟਰ ਸੋਹਿਨੀ ਰਾਜੋਲਾ ਨੇ ਕਿਹਾ ਕਿ ਇਹ ਪਹਿਲ ਵਿਦੇਸ਼ੀ ਮਹਿਮਾਨਾਂ ਨੂੰ ਭਾਰਤ ਦੇ ਰੀਅਲ-ਟਾਈਮ ਪੇਮੈਂਟ ਈਕੋਸਿਸਟਮ ਅਤੇ 'ਮੇਡ ਇਨ ਇੰਡੀਆ' ਤਕਨੀਕ ਦਾ ਸਹਿਜ ਅਨੁਭਵ ਕਰਨ ਦਾ ਮੌਕਾ ਪ੍ਰਦਾਨ ਕਰੇਗੀ।


author

Harinder Kaur

Content Editor

Related News