ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 561.08 ਅਰਬ ਡਾਲਰ ’ਤੇ ਪਹੁੰਚਿਆ
Saturday, Nov 05, 2022 - 10:15 AM (IST)

ਮੁੰਬਈ–ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 28 ਅਕਤੂਬਰ ਨੂੰ ਸਮਾਪਤ ਹਫਤੇ ’ਚ 6.56 ਅਰਬ ਡਾਲਰ ਵਧ ਕੇ 561.08 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਪਿਛਲੇ ਦਿਨੀਂ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਦਾ ਰੁਖ ਦੇਖਿਆ ਗਿਆ। ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 3.84 ਅਰਬ ਡਾਲਰ ਘਟ ਕੇ 524.52 ਅਰਬ ਡਾਲਰ ਰਹਿ ਗਿਆ ਸੀ। ਇਕ ਸਾਲ ਪਹਿਲਾਂ ਅਕਤੂਬਰ 2021 ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਦੇਸ਼ ਦੇ ਮੁਦਰਾ ਭੰਡਾਰ ’ਚ ਗਿਰਾਵਟ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਕੇਂਦਰੀ ਬੈਂਕ ਮੁਦਰਾ ਭੰਡਾਰ ਤੋਂ ਮਦਦ ਲੈ ਰਿਹਾ ਹੈ। ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 28 ਅਕਤੂਬਰ ਨੂੰ ਸਮਾਪਤ ਹਫਤੇ ’ਚ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ (ਐੱਫ. ਸੀ. ਏ.) 5.77 ਅਰਬ ਡਾਲਰ ਵਧ ਕੇ 470.84 ਅਰਬ ਡਾਲਰ ਹੋ ਗਈਆਂ। ਡਾਲਰ ’ਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਅਸੈਟਸ ਵਿਚ ਮੁਦਰਾ ਭੰਡਾਰ ’ਚ ਰੱਖੇ ਯੂਰੋ, ਪੌਂਡ ਅਤੇ ਜਾਪਾਨੀ ਯੇਨ ਵਰਗੇ ਗੈਰ ਡਾਲਰ ਮੁਦਰਾ ਦੇ ਮੁੱਲ ’ਚ ਆਈ ਕਮੀ ਜਾਂ ਬੜ੍ਹਤ ਦੇ ਪ੍ਰਭਾਵਾਂ ਨੂੰ ਦਰਸਾਇਆ ਜਾਂਦਾ ਹੈ।
ਅੰਕੜਿਆਂ ਮੁਤਾਬਕ ਮੁੱਲ ਦੇ ਸੰਦਰਭ ’ਚ ਦੇਸ਼ ਦਾ ਸੋਨੇ ਦਾ ਭੰਡਾਰ 55.6 ਕਰੋੜ ਡਾਲਰ ਵਧ ਕੇ 37.76 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਨੇ ਕਿਹਾ ਕਿ ਸਪੈਸ਼ਲ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 18.5 ਕਰੋੜ ਡਾਲਰ ਵਧ ਕੇ 17.62 ਅਰਬ ਡਾਲਰ ਹੋ ਗਿਆ ਹੈ।