ਵਿਦੇਸ਼ੀ ਮੁਦਰਾ ਭੰਡਾਰ 11.02 ਅਰਬ ਡਾਲਰ ਵਧ ਕੇ 561.2 ਅਰਬ ਡਾਲਰ ’ਤੇ
Saturday, Dec 10, 2022 - 10:03 AM (IST)
ਮੁੰਬਈ–ਵਿਦੇਸ਼ੀ ਮੁਦਰਾ ਜਾਇਦਾਦ, ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ ’ਚ ਜ਼ਬਰਦਸਤ ਵਾਧਾ ਹੋਣ ਦੀ ਬਦੌਲਤ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2 ਦਸੰਬਰ ਨੂੰ ਸਮਾਪਤ ਹਫਤੇ ’ਚ 11.02 ਅਰਬ ਡਾਲਰ ਵਧ ਕੇ 561.2 ਅਰਬ ਡਾਲਰ ’ਤੇ ਪਹੁੰਚ ਗਿਆ। ਉੱਥੇ ਹੀ ਇਸ ਤੋਂ ਪਿਛਲੇ ਹਫਤੇ ਇਹ 2.9 ਅਰਬ ਡਾਲਰ ਵਧ ਕੇ 550.14 ਅਰਬ ਡਾਲਰ ’ਤੇ ਪਹੁੰਚ ਗਿਆ।
ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜੇ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 9.7 ਅਰਬ ਡਾਲਰ ਦਾ ਵਾਧਾ ਲੈ ਕੇ 496.98 ਅਰਬ ਡਾਲਰ ਹੋ ਗਈ। ਇਸ ਤਰ੍ਹਾਂ ਇਸ ਮਿਆਦ ’ਚ ਸੋਨੇ ਦੇ ਭੰਡਾਰ ’ਚ 1.09 ਅਰਬ ਡਾਲਰ ਦੀ ਬੜ੍ਹਤ ਆਈ ਅਤੇ ਇਹ ਵਧ ਕੇ 41.03 ਅਰਬ ਡਾਲਰ ਹੋ ਗਿਆ। ਸਮੀਖਿਆ ਅਧੀਨ ਹਫਤੇ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) ਵਿਚ 16.4 ਕਰੋੜ ਡਾਲਰ ਦੀ ਤੇਜ਼ੀ ਆਈ ਅਤੇ ਇਹ ਵਧ ਕੇ 18.05 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤਰ੍ਹਾਂ ਇਸ ਮਿਆਦ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ 7.5 ਕਰੋੜ ਡਾਲਰ ਦਾ ਵਾਧਾ ਲੈ ਕੇ 5.12 ਅਰਬ ਡਾਲਰ ਹੋ ਗਿਆ।