ਫਿਰ ਘਟਿਆ ਵਿਦੇਸ਼ੀ ਮੁਦਰਾ ਭੰਡਾਰ, ਹੁਣ ਖਜ਼ਾਨੇ ’ਚ ਬਚੇ 616.14 ਅਰਬ ਡਾਲਰ

Saturday, Jan 27, 2024 - 06:31 PM (IST)

ਫਿਰ ਘਟਿਆ ਵਿਦੇਸ਼ੀ ਮੁਦਰਾ ਭੰਡਾਰ, ਹੁਣ ਖਜ਼ਾਨੇ ’ਚ ਬਚੇ 616.14 ਅਰਬ ਡਾਲਰ

ਨਵੀਂ ਦਿੱਲੀ, (ਏਜੰਸੀਆਂ)– ਇਕ ਹਫਤੇ ਦੀ ਰਾਹਤ ਤੋਂ ਬਾਅਦ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਇਕ ਵਾਰ ਮੁੜ ਗਿਰਾਵਟ ਦਰਜ ਕੀਤੀ ਗਈ ਹੈ। ਰਿਜ਼ਰਵ ਬੈਂਕ ਵਲੋਂ ਜਾਰੀ ਕੀਤੇ ਗਏ ਤਾਜ਼ੇ ਅੰਕੜਿਆਂ ਮੁਤਾਬਕ ਹੁਣ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਹੋ ਕੇ 616.14 ਅਰਬ ਡਾਲਰ ’ਤੇ ਆ ਗਿਆ ਹੈ।

ਰਿਜ਼ਰਵ ਬੈਂਕ ਹਰ ਹਫਤੇ ਦੇ ਅਖੀਰ ਵਿਚ ਵਿਦੇਸ਼ੀ ਮੁਦਰਾ ਭੰਡਾਰ ਦੇ ਤਾਜ਼ੇ ਅੰਕੜੇ ਜਾਰੀ ਕਰਦਾ ਹੈ। ਇਹ ਅੰਕੜਾ 19 ਜਨਵਰੀ ਨੂੰ ਸਮਾਪਤ ਹੋਏ ਹਫਤੇ ਦਾ ਹੈ। ਅੰਕੜਿਆਂ ਮੁਤਾਬਕ ਬੀਤੇ ਹਫਤੇ ਦੌਰਾਨ ਭੰਡਾਰ ਵਿਚ 2.79 ਬਿਲੀਅਨ ਡਾਲਰ ਦੀ ਗਿਰਾਵਟ ਆਈ। ਉਸ ਤੋਂ ਪਹਿਲਾਂ 12 ਜਨਵਰੀ ਨੂੰ ਸਮਾਪਤ ਹੋਏ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 1.6 ਅਰਬ ਡਾਲਰ ਵਧ ਕੇ 618.94 ਅਰਬ ਡਾਲਰ ’ਤੇ ਪੁੱਜ ਗਿਆ ਸੀ।

ਸਭ ਤੋਂ ਵੱਧ ਹੋਇਆ ਇਸ ਗੱਲ ਦਾ ਅਸਰ

ਰਿਜ਼ਰਵ ਬੈਂਕ ਦੇ ਵੀਕਲੀ ਸਟੈਟਿਸਟੀਕਲ ਸਪਲੀਮੈਂਟ ਮੁਤਾਬਕ ਬੀਤੇ ਹਫਤੇ ਦੌਰਾਨ ਸਭ ਤੋਂ ਵੱਡੀ ਗਿਰਾਵਟ ਫਾਰੇਨ ਕਰੰਸੀ ਅਸੈਟ ਵਿਚ ਆਈ ਹੈ। ਫਾਰੇਨ ਕਰੰਸੀ ਅਸੈਟ ਹੁਣ 2.6 ਅਰਬ ਡਾਲਰ ਘੱਟ ਹੋ ਕੇ 545.8 ਅਰਬ ਡਾਲਰ ਰਹਿ ਗਈ ਹੈ। ਫਾਰੇਨ ਕਰੰਸੀ ਅਸੈਟ ’ਤੇ ਵੱਖ-ਵੱਖ ਪ੍ਰਮੁੱਖ ਵਿਦੇਸ਼ੀ ਕਰੰਸੀਆਂ ਦੇ ਭਾਅ ਵਿਚ ਡਾਲਰ ਦੇ ਮੁਕਾਬਲੇ ਆਈ ਘੱਟ-ਵੱਧ ਦਾ ਵੀ ਅਸਰ ਹੁੰਦਾ ਹੈ। ਰਿਜ਼ਰਵ ਬੈਂਕ ਯੂਰੋ, ਪੌਂਡ, ਯੇਨ ਸਮੇਤ ਹੋਰ ਪ੍ਰਮੁੱਖ ਕਰੰਸੀਆਂ ਦੇ ਭੰਡਾਰ ਦੀ ਗਣਨਾ ਡਾਲਰ ਦੇ ਟਰਮ ਵਿਚ ਕਰਦਾ ਹੈ, ਜਿਸ ਕਾਰਨ ਵਟਾਂਦਰਾ ਦਰ ਦਾ ਇਸ ’ਤੇ ਸਿੱਧਾ ਅਸਰ ਹੁੰਦਾ ਹੈ।

ਵਿਦੇਸ਼ੀ ਮੁਦਰਾ ਭੰਡਾਰ ਦੇ ਹੋਰ ਕੰਪੋਨੈਂਟ

ਵਿਦੇਸ਼ੀ ਮੁਦਰਾ ਭੰਡਾਰ ਵਿਚ ਸਭ ਤੋਂ ਵੱਡਾ ਹਿੱਸਾ ਫਾਰੇਨ ਕਰੰਸੀ ਅਸੈਟ ਦਾ ਹੀ ਹੁੰਦਾ ਹੈ। ਵਿਦੇਸ਼ੀ ਮੁਦਰਾ ਭੰਡਾਰ ਦੇ ਹੋਰ ਕੰਪੋਨੈਂਟ ਨੂੰ ਦੇਖੀਏ ਤਾਂ ਗੋਲਡ ਰਿਜ਼ਰਵ ਵਿਚ 34 ਲੱਖ ਡਾਲਰ ਦੀ ਗਿਰਾਵਟ ਆਈ ਅਤੇ ਇਹ ਭੰਡਾਰ 47.2 ਅਰਬ ਡਾਲਰ ’ਤੇ ਆ ਗਿਆ। ਇਸ ਤਰ੍ਹਾਂ ਸਪੈਸ਼ਲ ਡਰਾਇੰਗ ਰਾਈਟ ਵੀ ਬੀਤੇ ਹਫਤੇ ਦੌਰਾਨ 476 ਲੱਖ ਡਾਲਰ ਘੱਟ ਹੋ ਕੇ 1.2 ਅਰਬ ਡਾਲਰ ’ਤੇ ਆ ਗਿਆ। ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਰੱਖੇ ਭੰਡਾਰ ਵਿਚ ਇਸ ਦੌਰਾਨ 18 ਲੱਖ ਡਾਲਰ ਦੀ ਕਮੀ ਆਈ ਅਤੇ ਇਹ 4.85 ਅਰਬ ਡਾਲਰ ਰਹਿ ਗਿਆ।


author

Rakesh

Content Editor

Related News