ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 90.2 ਕਰੋੜ ਡਾਲਰ ਡਿੱਗਾ
Sunday, Apr 12, 2020 - 06:32 PM (IST)
ਮੁੰਬਈ— ਵਿਦੇਸ਼ੀ ਕਰੰਸੀ ਜਾਇਦਾਦ 'ਚ ਗਿਰਾਵਟ ਕਾਰਨ ਭਾਰਤ ਦਾ ਕੁੱਲ ਵਿਦੇਸ਼ੀ ਕਰੰਸੀ ਭੰਡਾਰ 03 ਅਪ੍ਰੈਲ ਨੂੰ ਸਮਾਪਤ ਹੋਏ ਹਫਤੇ ਵਿਚ 90.2 ਕਰੋੜ ਡਾਲਰ ਘੱਟ ਕੇ 474.66 ਅਰਬ ਡਾਲਰ ਰਹਿ ਗਿਆ। ਇਸ ਤੋਂ ਪਹਿਲਾਂ 27 ਮਾਰਚ ਦੇ ਅੰਤ ਵਾਲੇ ਹਫਤੇ ਵਿਚ ਇਹ 5.65 ਅਰਬ ਡਾਲਰ ਦੇ ਵਾਧੇ ਨਾਲ 475.56 ਅਰਬ ਡਾਲਰ ਰਿਹਾ ਸੀ। ਭਾਰਤੀ ਰਿਜ਼ਰਵ ਬੈਂਕ ਨੇ ਇਹ ਅੰਕੜੇ ਜਾਰੀ ਕੀਤੇ ਹਨ।
ਇਸ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਜਾਇਦਾਦ ਹੈ, ਜੋ 17 ਜਨਵਰੀ ਨੂੰ ਖਤਮ ਹੋਏ ਹਫਤੇ 'ਚ 54.7 ਕਰੋੜ ਡਾਲਰ ਘੱਟ ਕੇ 439.12 ਅਰਬ ਡਾਲਰ 'ਤੇ ਆ ਗਈ ਹੈ। ਹਫਤੇ ਦੌਰਾਨ ਸਵਰਣ ਭੰਡਾਰ ਵੀ 34 ਕਰੋੜ ਡਾਲਰ ਦੀ ਗਿਰਾਵਟ ਨਾਲ 30.55 ਅਰਬ ਡਾਲਰ ਰਿਹਾ। IMF ਕੋਲ ਰਿਜ਼ਰਵ ਫੰਡ 1.9 ਕਰੋੜ ਡਾਲਰ ਘੱਟ ਹੋ ਕੇ 3.57 ਅਰਬ ਡਾਲਰ 'ਤੇ ਆ ਗਿਆ, ਜਦੋਂ ਕਿ ਸਪੈਸ਼ਲ ਡਰਾਇੰਗ ਰਾਈਟਸ 50 ਲੱਖ ਡਾਲਰ ਵੱਧ ਕੇ 1.43 ਅਰਬ ਡਾਲਰ 'ਤੇ ਪਹੁੰਚ ਗਿਆ।
ਕੀ ਹੁੰਦਾ ਹੈ ਵਿਦੇਸ਼ੀ ਕਰੰਸੀ ਭੰਡਾਰ-
ਸਾਰੇ ਦੇਸ਼ਾਂ ਦੇ ਕੇਂਦਰੀ ਬੈਂਕ ਵਿਦੇਸ਼ੀ ਕਰੰਸੀ ਫੰਡ ਰੱਖਦੇ ਹਨ, ਤਾਂ ਜੋ ਸੰਕਟ ਦੀ ਘੜੀ 'ਚ ਲੋੜ ਪੈਣ 'ਤੇ ਡਾਲਰ ਜਾਂ ਹੋਰ ਪ੍ਰਮੁੱਖ ਕਰੰਸੀ 'ਚ ਵਿਦੇਸ਼ੀ ਖਰੀਦ ਦਾ ਭੁਗਤਾਨ ਆਸਾਨੀ ਨਾਲ ਹੋ ਸਕੇ। ਵਿਦੇਸ਼ੀ ਕਰੰਸੀ ਭੰਡਾਰ 'ਚ ਜ਼ਿਆਦਾਤਰ ਡਾਲਰ ਅਤੇ ਕੁਝ ਹੱਦ ਤੱਕ ਯੂਰੋ ਕਰੰਸੀ ਹੁੰਦੀ ਹੈ।
ਵਿਦੇਸ਼ੀ ਕਰੰਸੀ ਭੰਡਾਰ ਨੂੰ ਫੋਰੈਕਸ ਰਿਜ਼ਰਵ ਜਾਂ ਐੱਫ. ਐਕਸ. ਰਿਜ਼ਰਵ ਵੀ ਕਿਹਾ ਜਾਂਦਾ ਹੈ। ਕੁੱਲ ਮਿਲਾ ਕੇ ਵਿਦੇਸ਼ੀ ਕਰੰਸੀ ਭੰਡਾਰ 'ਚ ਵਿਦੇਸ਼ੀ ਬੈਂਕ ਨੋਟ, ਵਿਦੇਸ਼ੀ ਬੈਂਕ ਜਮ੍ਹਾਂ, ਵਿਦੇਸ਼ੀ ਖਜ਼ਾਨੇ ਦੇ ਬਿੱਲ ਅਤੇ ਸ਼ਾਰਟ ਤੇ ਲਾਂਗ ਟਰਮ ਵਿਦੇਸ਼ੀ ਸਰਕਾਰੀ ਸਕਿਓਰਿਟੀਜ਼ ਦਾ ਭੰਡਾਰ ਹੁੰਦਾ ਹੈ। ਹਾਲਾਂਕਿ, ਸੋਨੇ ਦਾ ਭੰਡਾਰ, ਸਪੈਸ਼ਲ ਡਰਾਇੰਗ ਰਾਈਟਸ (ਐੱਸ. ਡੀ. ਆਰ.) ਤੇ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਜਮ੍ਹਾਂ ਰਕਮ ਵੀ ਵਿਦੇਸ਼ੀ ਕਰੰਸੀ ਭੰਡਾਰ ਦਾ ਹਿੱਸਾ ਹਨ। ਸਪੈਸ਼ਲ ਡਰਾਇੰਗ ਰਾਈਟਸ ਯਾਨੀ ਸੰਕਟ ਸਮੇਂ ਆਈ. ਐੱਮ. ਐੱਫ. ਤੋਂ ਵਿਦੇਸ਼ੀ ਕਰੰਸੀ ਲੈਣ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ।