ਸਾਉਣੀ ਦੇ ਝਾੜ ’ਚ ਗਿਰਾਵਟ ਕਾਰਨ ਖੁਰਾਕੀ ਮਹਿੰਗਾਈ ਵਧਣ ਦੀ ਸੰਭਾਵਨਾ

Wednesday, Oct 05, 2022 - 01:30 PM (IST)

ਸਾਉਣੀ ਦੇ ਝਾੜ ’ਚ ਗਿਰਾਵਟ ਕਾਰਨ ਖੁਰਾਕੀ ਮਹਿੰਗਾਈ ਵਧਣ ਦੀ ਸੰਭਾਵਨਾ

ਮੁੰਬਈ (ਭਾਸ਼ਾ) – ਗੰਗਾ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਘੱਟ ਪੈਣ ਕਾਰਨ ਸਾਉਣੀ ਦੀਆਂ ਫਸਲਾਂ ਦੇ ਝਾੜ ’ਚ ਗਿਰਾਵਟ ਕਾਰਨ ਨੇੜਲੀ ਮਿਆਦ ’ਚ ਖੁਰਾਕੀ ਮਹਿੰਗਾਈ ਵਧ ਸਕਦੀ ਹੈ। ਰੇਟਿੰਗ ਏਜੰਸੀ ਇੰਡੀਆ ਰੇਟਿੰਗਸ ਦੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਰਗੇ ਪ੍ਰਮੁੱਖ ਖੇਤੀਬਾੜੀ ਉਤਪਾਦਕ ਸੂਬਿਆਂ ’ਚ ਮਾਨਸੂਨ ਦੌਰਾਨ ਲੋੜੀਂਦਾ ਮੀਂਹ ਨਹੀਂ ਪਿਆ। ਅਜਿਹੀ ਸਥਿੀਤ ’ਚ ਇਨ੍ਹਾਂ ਸੂਬਿਆਂ ’ਚ ਸਾਉਣੀ ਦੇ ਸੀਜ਼ਨ ਦੀ ਪ੍ਰਮੁੱਖ ਫਸਲ ਝੋਨੇ ਦੇ ਝਾੜ ’ਚ ਗਿਰਾਵਟ ਆ ਸਕਦੀ ਹੈ, ਜਿਸ ਨਾਲ ਨੇੜਲੀ ਮਿਆਦ ’ਚ ਚੌਲਾਂ ਦੀ ਕੀਮਤ ਵਧਣ ਦੀ ਸੰਭਾਵਨਾ ਹੈ।

ਇੰਡੀਆ ਰੇਟਿੰਗਸ ਦੀ ਰਿਪੋਰਟ ਕਹਿੰਦੀ ਹੈ ਕਿ ਸਾਉਣੀ ਦੇ ਮੌਸਮ ਦੀ ਝੋਨੇ ਦੀ ਬਿਜਾਈ ’ਚ ਇਨ੍ਹਾਂ ਸੂਬਿਆਂ ਦੀ ਹਿੱਸੇਦਾਰੀ ਸਤੰਬਰ ਦੇ ਅਖੀਰ ਤੱਕ ਘਟ ਕੇ 24.1 ਫੀਸਦੀ ਰਹਿ ਗਈ ਜਦ ਕਿ ਇਕ ਸਾਲ ਪਹਿਲਾਂ ਇਹ 26 ਫੀਸਦੀ ਸੀ। ਹਾਲਾਂਕਿ ਇਸ ਸਾਲ ਮਾਨਸੂਨ ਦਾ ਮੀਂਹ ਆਮ ਨਾਲੋਂ ਵੱਧ ਪਿਆ ਹੈ ਪਰ ਇਸ ਦੀ ਵੰਡ ਅਸਮਾਨ ਰਹੀ ਹੈ। ਸਤੰਬਰ ਦੇ ਅਖੀਰ ’ਚ ਮਾਨਸੂਨ ਦਾ ਮੀਂਹ 92.5 ਸੈਂਟੀਮੀਟਰ ਰਿਹਾ ਹੈ ਜੋ ਲੰਮੀ ਮਿਆਦ ਦੀ ਔਸਤ (ਐੱਲ. ਪੀ. ਏ.) 86.96 ਸੈਂਟੀਮੀਟਰ ਤੋਂ 6 ਫੀਸਦੀ ਵੱਧ ਹੈ। ਸਮੱਸਿਆ ਪਰ ਇਹ ਹੈ ਕਿ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਮੀਂਹ ਜਿੱਥੇ ਐੱਲ. ਪੀ. ਓ. ਤੋਂ 20 ਫੀਸਦੀ ਵੱਧ ਰਿਹਾ, ਉੱਥੇ ਹੀ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਮੀਂਹ ਔਸਤ (ਐੱਲ. ਪੀ. ਏ. ਤੋਂ 19 ਫੀਸਦੀ ਘੱਟ ਜਾਂ ਵੱਧ) ਰਿਹਾ ਹੈ। ਇਨ੍ਹਾਂ ’ਚੋਂ ਵੀ 6 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਮੀਂਹ ਐੱਲ. ਪੀ. ਏ ਤੋਂ 20 ਫੀਸਦੀ ਤੋਂ ਵੀ ਵੱਧ ਹੇਠਾਂ ਹੈ। ਇਨ੍ਹਾਂ ਸੂਬਿਆਂ ’ਚ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਰਗੇ ਪ੍ਰਮੁੱਖ ਸਾਉਣੀ ਫਸਲ ਉਤਪਾਦਕ ਸੂਬੇ ਵੀ ਸ਼ਾਮਲ ਹਨ। ਇਸ ਕਾਰਨ ਝੋਨੇ ਦੀ ਬਿਜਾਈ 5.5 ਫੀਸਦੀ, ਦਾਲਾਂ ਦੀ ਬਿਜਾਈ 3.9 ਫੀਸਦੀ ਅਤੇ ਤਿਲਹਨਾਂ ਦੀ ਬਿਜਾਈ 0.8 ਫੀਸਦੀ ਤੱਕ ਘੱਟ ਹੋਈ ਹੈ। ਖੁਦ ਖੇਤੀਬਾੜੀ ਮੰਤਰਾਲਾ ਨੇ ਵੀ ਆਪਣੇ ਪਹਿਲੇ ਪੇਸ਼ਗੀ ਅਨੁਮਾਨ ’ਚ ਸਾਉਣੀ ਉਤਪਾਦਨ 3.9 ਫੀਸਦੀ ਡਿਗ ਕੇ 14.992 ਕਰੋੜ ਟਨ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।

ਰੇਟਿੰਗ ਏਜੰਸੀ ਨੇ ਕਿਹਾ ਕਿ ਸਾਉਣੀ ਦੀਆਂ ਫਸਲਾਂ, ਖਾਸ ਕਰ ਕੇ ਚੌਲਾਂ ਅਤੇ ਦਾਲਾਂ ਦਾ ਉਤਪਾਦਨ ਘਟਣ ਨਾਲ ਇਨ੍ਹਾਂ ਜਿਣਸਾਂ ਦੀਆਂ ਕੀਮਤਾਂ ’ਚ ਤੇਜੀ਼ ਆ ਸਕਦੀ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਮਾਨਸੂਨ ਦੀ ਵਾਪਸੀ ’ਚ ਦੇਰੀ ਹੋਣ ਅਤੇ ਅਕਤੂਬਰ ’ਚ ਵੀ ਕੁੱਝ ਮੀਂਹ ਪੈਣ ਨਾਲ ਹਾੜੀ ਸੀਜ਼ਨ ਦੀਆਂ ਫਸਲਾਂ ਲਈ ਹਾਂਪੱਖੀ ਸਥਿਤੀ ਪੈਦਾ ਹੋ ਸਕਦੀ ਹੈ।

 


author

Harinder Kaur

Content Editor

Related News