ਭਾਰਤ ''ਚ ਸ਼ੁਰੂ ਹੋਵੇਗੀ ਨਵੀਂ ਏਅਰਲਾਈਨ ''ਫਲਾਈ ਬਿਗ'', ਜਾਣੋ ਇਸ ਦੇ ਬਾਰੇ

Tuesday, Dec 22, 2020 - 08:58 PM (IST)

ਨਵੀਂ ਦਿੱਲੀ- ਇਕ ਹੋਰ ਏਅਰਲਾਈਨ ਜਲਦ ਹੀ ਦੇਸ਼ ਵਿਚ ਦਸਤਕ ਦੇਣ ਜਾ ਰਹੀ ਹੈ। ਜੈੱਟ ਏਅਰਵੇਜ਼ ਨੂੰ ਖ਼ਰੀਦਣ ਦੀ ਕੋਸ਼ਿਸ਼ ਵਿਚ ਅਸਫਲ ਰਹੇ ਸੰਜੇ ਮਾਂਡਵੀਆ ਦੀ 'ਫਲਾਈ ਬਿਗ' ਨਾਂ ਦੀ ਏਅਰਲਾਈਨ ਜਲਦ ਹੀ ਉਡਾਣ ਭਰਨ ਜਾ ਰਹੀ ਹੈ। ਇਸ ਨੂੰ ਪ੍ਰਵਾਨਗੀ ਵੀ ਮਿਲ ਚੁੱਕੀ ਹੈ।

'ਫਲਾਈ ਬਿਗ' ਇਸ ਮਹੀਨੇ ਦੇ ਅੰਤ ਤੱਕ ਯਾਨੀ 30 ਦਸੰਬਰ ਤੋਂ ਦੇਸ਼ ਵਿਚ ਖ਼ੁਦ ਦੀ ਹਵਾਈ ਸੇਵਾ ਸ਼ੁਰੂ ਕਰੇਗੀ। ਇਸ ਲਈ ਉਸ ਨੂੰ ਸ਼ਹਿਰੀ ਹਵਾਬਾਜ਼ੀ ਜਨਰਲ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਤੋਂ ਮਨਜ਼ੂਰੀ ਮਿਲ ਚੁੱਕੀ ਹੈ।

ਇਸ ਤੋਂ ਕੁਝ ਦਿਨ ਪਹਿਲਾਂ ਹੀ ਏਅਰ ਟੈਕਸੀ ਨੂੰ ਵੀ ਹਵਾਈ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। 'ਫਲਾਈ ਬਿਗ' ਸਭ ਤੋਂ ਪਹਿਲਾਂ ਇੰਦੌਰ ਤੋਂ ਭੋਪਾਲ ਅਤੇ ਅਹਿਮਦਾਬਾਦ ਲਈ ਉਡਾਣਾਂ ਭਰੇਗੀ। ਦੂਜੇ ਪੜਾਅ ਤਹਿਤ ਇਹ ਜਨਵਰੀ ਵਿਚ ਜਬਲਪੁਰ ਨੂੰ ਆਪਣੇ ਨੈਟਵਰਕ ਵਿਚ ਸ਼ਾਮਲ ਕਰੇਗੀ। ਇੰਦੌਰ-ਅਹਿਮਦਾਬਾਦ ਮਾਰਗ 'ਤੇ ਇਸ ਨੂੰ ਸਿੱਧੇ ਤੌਰ 'ਤੇ ਭਾਰਤੀ ਹਵਾਬਾਜ਼ੀ ਦੀ ਸਭ ਤੋਂ ਵੱਡੀ ਦਿੱਗਜ ਇੰਡੀਗੋ ਨਾਲ ਮੁਕਾਬਲਾ ਦਾ ਸਾਹਮਣਾ ਕਰਨਾ ਪਵੇਗਾ। 21 ਦਸੰਬਰ ਨੂੰ ਇਸ ਨੇ ਦਿੱਲੀ ਤੋਂ ਸ਼ਿਲਾਂਗ ਲਈ ਆਪਣੀ ਪਹਿਲੀ ਸਿੱਧੀ ਉਡਾਣ ਭਰੀ ਸੀ। ਫਲਾਈ ਬਿਗ ਨੇ ਮੇਘਾਲਿਆ ਸਰਕਾਰ ਨਾਲ ਦਿੱਲੀ-ਸ਼ਿਲਾਂਗ ਤੇ ਸ਼ਿਲਾਂਗ-ਦਿੱਲੀ ਦਰਮਿਆਨ ਸਿੱਧੀਆਂ ਉਡਾਣਾਂ ਚਲਾਉਣ ਲਈ ਸਮਝੌਤੇ ਕੀਤਾ ਹੈ।

'ਫਲਾਈ ਬਿਗ' ਦੇ ਸੀ. ਈ. ਓ. ਸ੍ਰੀਨਿਵਾਸ ਰਾਓ ਨੇ ਕਿਹਾ ਕਿ ਅਸੀਂ ਸੂਬਾ ਸਰਕਾਰ ਤੋਂ ਤਿੰਨ ਸਾਲਾਂ ਲਈ ਦਿੱਲੀ-ਸ਼ਿਲਾਂਗ ਉਡਾਣ ਨੂੰ ਚਲਾਉਣ ਲਈ ਟੈਂਡਰ ਜਿੱਤਿਆ ਹੈ। ਜਨਵਰੀ ਤੋਂ ਕੰਪਨੀ ਰੂਟ 'ਤੇ ਦੋ ਹਫ਼ਤਾਵਾਰੀ ਉਡਾਣਾਂ ਦਾ ਸੰਚਾਲਨ ਕਰੇਗੀ। ਦਿੱਲੀ ਤੋਂ ਸ਼ਿਲਾਂਗ ਦੀ ਪਹਿਲੀ ਉਡਾਣ ਲਈ ਕੰਪਨੀ ਨੇ ਜਹਾਜ਼ ਸਪਾਈਸ ਜੈੱਟ ਤੋਂ ਲੀਜ਼ 'ਤੇ ਲਿਆ ਸੀ। ਹੁਣ ਉਸ ਦਾ ਕਹਿਣਾ ਹੈ ਕਿ ਇਸ ਰੂਟ 'ਤੇ ਉਸ ਦੀ ਆਪਣਾ ਖ਼ੁਦ ਦਾ ਜਹਾਜ਼ ਚਲਾਉਣ ਦੀ ਯੋਜਨਾ ਹੈ। ਫਲਾਈ ਬਿਗ ਦਾ ਕਹਿਣਾ ਹੈ ਕਿ ਉਸ ਦਾ ਫੋਕਸ ਉੱਤਰੀ-ਪੂਰਬੀ ਰਾਜਾਂ 'ਤੇ ਹੋਵੇਗਾ। ਗੁਹਾਟੀ ਨੂੰ ਇਹ ਬੇਸ ਬਣਾਏਗੀ।


Sanjeev

Content Editor

Related News