ਫਲਿੱਪਕਾਰਟ ਦਾ ਗਾਹਕਾਂ ਨੂੰ ਤੋਹਫਾ, ਲਾਂਚ ਹੋਈ ਫ੍ਰੀ ਵੀਡੀਓ ਸਰਵਿਸ

08/18/2019 3:57:51 PM

ਨਵੀਂ ਦਿੱਲੀ— ਫਲਿੱਪਕਾਰਟ ਯੂਜ਼ਰਸ ਲਈ ਗੁੱਡ ਨਿਊਜ਼ ਹੈ। ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਤੇ ਹੋਰ ਸਟ੍ਰੀਮਿੰਗ ਸਰਵਿਸ ਪ੍ਰਦਾਤਾਵਾਂ ਦੀ ਤਰ੍ਹਾਂ ਹੁਣ ਤੁਸੀਂ ਫਲਿੱਪਕਾਰਟ 'ਤੇ ਵੀ ਫਿਲਮਾਂ ਅਤੇ ਪ੍ਰੋਗਰਾਮ ਦੇਖਣ ਦਾ ਮਜ਼ਾ ਲੈ ਸਕਦੇ ਹੋ। ਵਾਲਮਾਰਟ ਦੀ ਦਿੱਗਜ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਆਪਣੀ ਐਂਡਰਾਇਡ ਐਪ ਦੇ ਤਾਜ਼ਾ ਅਪਡੇਟ ਜ਼ਰੀਏ ਵੀਡੀਓ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ।
 

 

ਵੀਡੀਓ ਸਟ੍ਰੀਮਿੰਗ ਲਈ ਯੂਜ਼ਰ ਫਲਿੱਪਕਾਰਟ ਦਾ ਤਾਜ਼ਾ ਵਰਜ਼ਨ-6.17 ਸਮਾਰਟ ਫੋਨ 'ਤੇ ਡਾਊਨਲੋਡ ਕਰ ਸਕਦੇ ਹਨ। ਇਕ ਵਾਰ ਨਵਾਂ ਵਰਜ਼ਨ ਸਮਾਰਟ ਫੋਨ 'ਚ ਹੋ ਜਾਣ 'ਤੇ ਯੂਜ਼ਰਸ ਐਪ 'ਚ ਟਾਪ 'ਤੇ ਖੱਬੇ ਪਾਸੇ ਲਿਸਟ 'ਚ ਵੀਡੀਓ ਸੈਕਸ਼ਨ 'ਤੇ ਕਲਿੱਕ ਕਰਕੇ ਨਵੀਂ ਸਰਵਿਸ ਦਾ ਅਨੰਦ ਲੈ ਸਕਦੇ ਹਨ। ਵੀਡੀਓ ਮੁੱਖ ਤੌਰ 'ਤੇ ਹਿੰਦੀ 'ਚ ਹਨ। ਹਾਲਾਂਕਿ ਤਾਮਿਲ ਤੇ ਕੰਨੜ 'ਚ ਵੀ ਕੁਝ ਵੀਡੀਓ ਉਪਲੱਬਧ ਹਨ। 

PunjabKesari

ਫਲਿੱਪਕਾਰਟ ਵੀਡੀਓ 'ਚ ਯੂਜ਼ਰਸ ਫਿਲਮਾਂ ਦੇ ਨਾਲ-ਨਾਲ ਟੀ. ਵੀ. ਪ੍ਰੋਗਰਾਮ ਦੇਖਣ ਦਾ ਵੀ ਮਜ਼ਾ ਲੈ ਸਕਦੇ ਹਨ। ਉੱਥੇ ਹੀ, ਉਮੀਦ ਕੀਤੀ ਜਾ ਰਹੀ ਹੈ ਕਿ ਫਲਿੱਪਕਾਰਟ ਵੱਲੋਂ ਜਲਦ ਹੀ ਤਾਜ਼ਾ ਵੀਡੀਓ ਵੀ ਅਪਲੋਡ ਕੀਤੇ ਜਾਣਗੇ। ਫਲਿੱਪਕਾਰਟ ਵੀਡੀਓ ਸਟ੍ਰੀਮਿੰਗ ਸਰਵਿਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਯੂਜ਼ਰਸ ਲਈ ਇਹ ਮੁਫਤ ਹੈ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਇਸ 'ਚ ਵਿਗਿਆਪਨ ਜੋੜੇ ਜਾ ਸਕਦੇ ਹਨ।

ਫਲਿੱਪਕਾਰਟ ਦੀ ਕੋਸ਼ਿਸ਼ ਐਮਾਜ਼ੋਨ ਪ੍ਰਾਈਮ ਨੂੰ ਸਖਤ ਟੱਕਰ ਦੇਣ ਦੀ ਹੋਵੇਗੀ। ਐਮਾਜ਼ੋਨ ਵੱਲੋਂ ਫਿਲਹਾਲ ਪ੍ਰਾਈਮ ਯੂਜ਼ਰਸ ਨੂੰ ਆਨਲਾਈਨ ਵੀਡੀਓ ਸਟ੍ਰੀਮਿੰਗ ਸਰਵਿਸ ਦਿੱਤੀ ਜਾ ਰਹੀ ਹੈ। ਹਾਲਾਂਕਿ ਐਮਾਜ਼ੋਨ ਪ੍ਰਾਈਮ ਦੇ ਮੁਕਾਬਲੇ ਫਲਿੱਪਕਾਰਟ ਦੀ ਵੀਡੀਓ ਸਰਵਿਸ ਮੁਫਤ ਹੈ ਪਰ ਯੂਜ਼ਰਸ ਨੂੰ ਐਮਾਜ਼ੋਨ ਪ੍ਰਾਈਮ, ਨੈੱਟਫਲਿਕਸ, ਹੌਟਸਟਾਰ ਤੇ ਹੋਰ ਸਟ੍ਰੀਮਿੰਗ ਐਪਸ ਦੀ ਤਰ੍ਹਾਂ ਐਕਸਕਲੂਜ਼ਿਵ ਵੀਡੀਓ ਪ੍ਰੋਗਰਾਮ ਦੇਖਣ ਨੂੰ ਨਹੀਂ ਮਿਲਣਗੇ।


Related News