ਅਮਰੀਕੀ ਕੰਪਨੀ ਫਾਇਜ਼ਰ ਨੇ ਵੈਕਸੀਨ ਸਪਲਾਈ ਲਈ ਭਾਰਤ ਅੱਗੇ ਰੱਖੀਆਂ ਇਹ ਸ਼ਰਤਾਂ

Tuesday, Jun 08, 2021 - 01:00 PM (IST)

ਅਮਰੀਕੀ ਕੰਪਨੀ ਫਾਇਜ਼ਰ ਨੇ ਵੈਕਸੀਨ ਸਪਲਾਈ ਲਈ ਭਾਰਤ ਅੱਗੇ ਰੱਖੀਆਂ ਇਹ ਸ਼ਰਤਾਂ

ਨਵੀਂ ਦਿੱਲੀ - ਕੋਰੋਨਾ ਵੈਕਸੀਨ ਬਣਾ ਰਹੀ ਅਮਰੀਕਾ ਦੀ ਕੰਪਨੀ ਫਾਇਜ਼ਰ ਨੇ ਭਾਰਤ ਨੂੰ ਵੈਕਸੀਨ ਦੀ ਸਪਲਾਈ ਲਈ ਕੁਝ ਸ਼ਰਤਾਂ ਰੱਖੀਆਂ ਹਨ। ਫਾਇਜ਼ਰ ਚਾਹੁੰਦੀ ਹੈ ਕਿ ਵੈਕਸੀਨ ਨੂੰ ਲੈ ਕੇ ਪੈਦਾ ਹੋਣ ਵਾਲੇ ਕਿਸੇ ਵੀ ਕਾਨੂੰਨੀ ਵਿਵਾਦ ਦੀ ਸੁਣਵਾਈ ਅਮਰੀਕਾ ਦੀ ਅਦਾਲਤ ’ਚ ਹੋਵੇ। ਇਸ ਤੋਂ ਇਲਾਵਾ ਕੰਪਨੀ ਦਵਾਈ ਨਾਲ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਸਥਿਤੀ ’ਚ ਮੁਆਵਜ਼ੇ ਦੇ ਦਾਅਵਿਆਂ ’ਤੇ ਸੁਰੱਖਿਆ ਚਾਹੁੰਦੀ ਹੈ।

ਅਧਿਕਾਰਕ ਸੂਤਰਾਂ ਮੁਤਾਬਕ ਕੰਪਨੀ ਨਾਲ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਗੱਲਬਾਤ ਅੰਤਿਮ ਦੌਰ ’ਚ ਪਹੁੰਚ ਚੁੱਕੀ ਹੈ। ਹਾਲਾਂਕਿ ਇਸ ਗੱਲਬਾਤ ਦੌਰਾਨ ਸਰਕਾਰ ਦਵਾਈ ਨਾਲ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਸਥਿਤੀ ’ਚ ਮੁਆਵਜ਼ੇ ਦੇ ਦਾਅਵਿਆਂ ’ਤੇ ਕੰਪਨੀ ਨੂੰ ਸੁਰੱਖਿਆ ਦੇਣ ਨੂੰ ਤਿਆਰ ਹੈ। ਪਰ ਉਹ ਕਾਨੂੰਨੀ ਮਾਮਲਿਆਂ ਦੀ ਸੁਣਵਾਈ ਵਿਦੇਸ਼ੀ ਕੋਰਟ ’ਚ ਕਰਵਾਏ ਜਾਣ ਦੀ ਸ਼ਰਤ ਮੰਨਣ ਨੂੰ ਤਿਆਰ ਨਹੀਂ ਹੈ।

ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਫਾਇਜ਼ਰ ਨੇ ਮੁਆਵਜ਼ੇ ਦੇ ਦਾਅਵਿਆਂ ’ਤੇ ਸੁਰੱਖਿਆ ਦੀ ਜੋ ਸ਼ਰਤ ਰੱਖੀ ਹੈ, ਉਹ ਜੇ ਵਿਦੇਸ਼ੀ ਕੰਪਨੀ ਨੂੰ ਦਿੱਤੀ ਜਾਂਦੀ ਹੈ ਤਾਂ ਘਰੇਲੂ ਵੈਕਸੀਨ ਨਿਰਮਾਤਾਵਾਂ ਨੂੰ ਵੀ ਇਹ ਰਾਹਤ ਦਿੱਤੀ ਜਾਏਗੀ।

ਦੇਸ਼ ’ਚ ਵੈਕਸੀਨ ਦੀ ਸਪਲਾਈ ਬਣਾਉਣ ਨੂੰ ਲੈ ਕੇ ਸਰਕਾਰ ਕਈ ਕਦਮ ਉਠਾ ਰਹੀ ਹੈ, ਜਿਸ ’ਚ ਬਿਨਾਂ ਗਾਰੰਟੀ ਤੋਂ ਐਡਵਾਂਸ ਪੇਮੈਂਟ ਕੀਤੀ ਜਾਣੀ ਸ਼ਾਮਲ ਹੈ। ਕਾਨੂੰਨੀ ਮਾਮਲਿਆਂ ਦੀ ਸੁਣਵਾਈ ਅਮਰੀਕੀ ਅਦਾਲਤ ’ਚ ਕੀਤੇ ਜਾਣ ਦੀ ਸ਼ਰਤ ਨੂੰ ਲੈ ਕੇ ਡੈੱਡਲਾਕ ਬਣਿਆ ਹੋਇਆ ਹੈ। ਜੇ ਇਹ ਮਾਮਲਾ ਸੰਸਦ ’ਚ ਜਾਂਦਾ ਹੈ ਤਾਂ ਉੱਥੋਂ ਇਸ ਤਰ੍ਹਾਂ ਦੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਬਾਵਜੂਦ ਸਰਕਾਰ ਕੰਪਨੀਆਂ ਦੀਆਂ ਸ਼ਰਤਾਂ ’ਤੇ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਇਸ ਮਾਮਲੇ ’ਚ ਸਾਕਾਰਾਤਮਕ ਨਤੀਜੇ ਆਉਣ ਦੀ ਸੰਭਾਵਨਾ ਹੈ।

ਜੇ ਦੇਸ਼ ’ਚ ਕੋਰੋਨਾ ਵੈਕਸੀਨ ਲਗਾਏ ਜਾਣ ਤੋਂ ਬਾਅਦ ਕਿਸੇ ’ਤੇ ਉਸ ਦਾ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਕਿਸੇ ਨੂੰ ਸਰੀਰਿਕ ਨੁਕਸਾਨ ਹੁੰਦਾ ਹੈ ਤਾਂ ਉਹ ਆਮ ਹਾਲਾਤ ’ਚ ਕੰਪਨੀ ਖਿਲਾਫ ਮੁਆਵਜ਼ੇ ਦਾ ਦਾਅਵਾ ਕਰ ਸਕਦਾ ਹੈ। ਫਾਇਜ਼ਰ ਇਸ ਤਰ੍ਹਾਂ ਦੇ ਦਾਅਵਿਆਂ ਤੋਂ ਸੁਰੱਖਿਆ ਚਾਹੁੰਦੀ ਹੈ ਕਿਉਂਕਿ ਹਾਲੇ ਤੱਕ ਵੈਕਸੀਨ ਲਗਾਏ ਜਾਣ ਤੋਂ ਬਾਅਦ ਇਸ ਦੇ ਮਾੜੇ ਪ੍ਰਭਾਵ ਦੇ ਪੂਰੇ ਨਤੀਜੇ ਸਾਹਮਣੇ ਨਹੀਂ ਆਏ ਹਨ।

ਫਾਇਜ਼ਰ ਨਾਲ ਚੱਲ ਰਹੀ ਗੱਲਬਾਤ ਦੀਆਂ ਸ਼ਰਤਾਂ ਤੋਂ ਬਾਅਦ ਭਾਰਤ ’ਚ ਕੋਵਿਸ਼ੀਲਡ ਦੀ ਸਪਲਾਈ ਕਰ ਰਹੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੀ ਮੁਆਵਜ਼ੇ ਦੇ ਦਾਅਵਿਆਂ ’ਤੇ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਜੇ ਫਾਇਜ਼ਰ ਨੂੰ ਇਹ ਰਾਹਤ ਦਿੱਤੀ ਜਾਂਦੀ ਹੈ ਤਾਂ ਸੀਰਮ ਇੰਸਟੀਚਿਊਟ ਨੂੰ ਵੀ ਇਹ ਰਾਹਤ ਮਿਲ ਸਕਦੀ ਹੈ।

ਫਾਇਜ਼ਰ ਨੇ ਰੱਖੀ ਕਾਨੂੰਨੀ ਮਾਮਲੇ ਅਮਰੀਕਾ ’ਚ ਨਿਪਟਾਉਣ ਦੀ ਸ਼ਰਤ

* ਕੋਰੋਨਾ ਤੋਂ ਬਚਾਅ ਦੀ ਤਿਆਰੀ

* ਵੈਕਸੀਨ ਸਪਲਾਈ ਨੂੰ ਲੈ ਕੇ ਫਾਇਜ਼ਰ ਨਾਲ ਸਰਕਾਰ ਦੀ ਗੱਲਬਾਤ ਸ਼ੁਰੂਆਤੀ ਪੜਾਅ ’ਚ

* ਕੰਪਨੀ ਦਵਾਈ ਨਾਲ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਸਥਿਤੀ ’ਚ ਮੁਆਵਜ਼ੇ ਦੇ ਦਾਅਵਿਆਂ ’ਤੇ ਸੁਰੱਖਿਆ ਚਾਹੁੰਦੀ ਹੈ

* ਫਾਇਜ਼ਰ ਦੀਆਂ ਸ਼ਰਤਾਂ ’ਚ ਮਾਮਲਿਆਂ ਦੇ ਨਿਪਟਾਰੇ ਨੂੰ ਲੈ ਕੇ ਅਦਾਲਤ ਦਾ ਅਧਿਕਾਰ ਖੇਤਰ ਵੀ ਇਕ ਸ਼ਰਤ ਹੈ

* ਸਰਕਾਰ ਇਨ੍ਹਾਂ ਵਿਸ਼ਿਆਂ ਨੂੰ ਲੈ ਕੇ ਫਾਇਜ਼ਰ ਨਾਲ ਗੱਲਬਾਤ ਕਰ ਰਹੀ ਹੈ

* ਵੈਕਸੀਨ ਦੀ ਸਪਲਾਈ ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ

* ਸਥਾਨਕ ਵੈਕਸੀਨ ਨਿਰਮਾਤਾ ਵੀ ਮੁਆਵਜ਼ੇ ਦੇ ਦਾਅਵਿਆਂ ’ਤੇ ਸੁਰੱਖਿਆ ਚਾਹੁੰਦੇ ਹਨ


author

Harinder Kaur

Content Editor

Related News