ਫਿਚ ਨੇ ਸ਼੍ਰੀਲੰਕਾ ਦੀ ਸਾਵਰੇਨ ਰੇਟਿੰਗ ਘਟਾ ਕੇ ‘ਸੀ. ਸੀ.’ ਕੀਤੀ
Saturday, Dec 18, 2021 - 06:09 PM (IST)
ਕੋਲੰਬੋ (ਭਾਸ਼ਾ) – ਰੇਟਿੰਗ ਏਜੰਸੀ ਫਿਚ ਨੇ ਸ਼੍ਰੀਲੰਕਾ ਦੀ ਸਾਵਰੇਨ ਰੇਟਿੰਗ ਨੂੰ ਘਟਾ ਕੇ ‘ਸੀ. ਸੀ.’ ਕਰਦੇ ਹੋਏ ਕਿਹਾ ਕਿ ਇਸ ਦੀ ਵਿਗੜਦੀ ਬਾਹਰਲੀ ਤਰਲਤਾ ਸਥਿਤੀ ਕਾਰਨ ਆਉਣ ਵਾਲੇ ਮਹੀਨਿਆਂ ’ਚ ਡਿਫਾਲਟ ਦੀ ਸੰਭਾਵਨਾ ਵਧ ਸਕਦੀ ਹੈ। ਫਿਚ ਰੇਟਿੰਗਸ ਨੇ ਕਿਹਾ ਕਿ ਸ਼੍ਰੀਲੰਕਾ ਦੀ ਸਰਕਾਰ ਲਈ ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਆਉਣ ਕਾਰਨ ਆਉਣ ਵਾਲੇ ਸਾਲ ’ਚ ਬਾਹਰੀ ਕਰਜ਼ਾ ਦੇਣਦਾਰੀਆਂ ਨੂੰ ਪੂਰਾ ਕਰ ਸਕਣਾ ਕਾਫੀ ਮੁਸ਼ਕਲ ਹੋਵੇਗਾ। ਇਹ ਸਿਲਸਿਲਾ ਸਾਲ 2023 ਤੱਕ ਵੀ ਜਾਰੀ ਰਹਿ ਸਕਦਾ ਹੈ। ਫਿਚ ਨੇ ਆਪਣੇ ਬਿਆਨ ’ਚ ਕਿਹਾ ਕਿ ਸ਼੍ਰੀਲੰਕਾ ਸਰਕਾਰ ਨੂੰ ਜਨਵਰੀ 2022 ’ਚ 50 ਕਰੋੜ ਡਾਲਰ ਦੇ ਕੌਮਾਂਤਰੀ ਸਾਵਰੇਨ ਬਾਂਡ ਦਾ ਭੁਗਤਾਨ ਕਰਦਾ ਹੈ। ਉਸ ਤੋਂ ਬਾਅਦ ਜੁਲਾਈ 2022 ’ਚ ਵੀ ਉਸ ਨੂੰ ਇਕ ਅਰਬ ਡਾਲਰ ਦੇ ਇਕ ਹੋਰ ਕੌਮਾਂਤਰੀ ਸਾਵਰੇਨ ਬਾਂਡ ਨੂੰ ਅਦਾ ਕਰਨਾ ਹੈ।
ਉਸ ਦਾ ਕਹਿਣਾ ਹੈ ਕਿ ਨਵੇਂ ਵਿਦੇਸ਼ੀ ਵਿੱਤੀ ਸ੍ਰੋਤ ਦੀ ਘਾਟ ’ਚ ਸ਼੍ਰੀਲੰਕਾ ਲਈ ਅਜਿਹਾ ਕਰ ਸਕਣਾ ਮੁਸ਼ਕਲ ਹੋਵੇਗਾ। ਰੇਟਿੰਗ ਏਜੰਸੀ ਨੇ ਇਨ੍ਹਾਂ ਕਾਰਨਾਂ ਕਰ ਕੇ ਸ਼੍ਰੀਲੰਕਾ ਦੀ ਸਾਵਰੇਨ ਰੇਟਿੰਗ ਨੂੰ ‘ਸੀ. ਸੀ. ਸੀ.’ ਤੋਂ ਘਟਾ ਕੇ ‘ਸੀ. ਸੀ.’ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਰੇਟਿੰਗ ’ਚ ਆਈ ਗਿਰਾਵਟ ਆਉਣ ਵਾਲੇ ਮਹੀਨਿਆਂ ’ਚ ਡਿਫਾਲਟ ਦੇ ਵਧੇ ਹੋਏ ਖਦਸ਼ੇ ਨੂੰ ਦਰਸਾਉਂਦੀ ਹੈ। ਫਿਚ ਨੇ ਕਿਹਾ ਕਿ ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਬਹੁਤ ਤੇਜ਼ੀ ਨਾਲ ਘਟਿਆ ਹੈ ਜੋ ਦਰਾਮਦ ਖਰਚੇ ਵਧਣ ਅਤੇ ਸ਼੍ਰੀਲੰਕਾਈ ਕੇਂਦਰੀ ਬੈਂਕ ਦੇ ਵਿਦੇਸ਼ੀ ਮੁਦਰਾ ਸਬੰਧੀ ਦਖਲਅੰਦਾਜ਼ੀ ਦਾ ਰਲਿਆ-ਮਿਲਿਆ ਨਤੀਜਾ ਹੈ। ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਅਗਸਤ ਤੋਂ ਬਾਅਦ ਹੀ ਦੋ ਅਰਬ ਡਾਲਰ ਘੱਟ ਹੋ ਚੁੱਕਾ ਹੈ।