ਮੱਛੀ ਪਾਲਣ ਖੇਤਰ 5 ਸਾਲ ''ਚ 9 ਅਰਬ ਡਾਲਰ ਦਾ ਨਿਵੇਸ਼ ਇਕੱਠਾ ਕਰ ਸਕਦਾ ਹੈ : ਅਧਿਕਾਰੀ
Sunday, Nov 22, 2020 - 04:12 PM (IST)
ਕੋਲਕਾਤਾ — ਕੇਂਦਰੀ ਮੱਛੀ ਪਾਲਣ ਸਕੱਤਰ ਰਾਜੀਵ ਰੰਜਨ ਨੇ ਸ਼ਨੀਵਾਰ ਨੂੰ ਕਿਹਾ ਕਿ ਮੱਛੀ ਪਾਲਣ ਖੇਤਰ ਅਗਲੇ 5 ਸਾਲਾਂ 'ਚ 9 ਅਰਬ ਡਾਲਰ ਦਾ ਨਿਵੇਸ਼ ਇਕੱਠਾ ਕਰ ਸਕਦਾ ਹੈ। ਇਸ ਦੇ ਨਾਲ ਹੀ ਇਸ ਖੇਤਰ ਵਿਚ ਵੱਡੀ ਸੰਖਿਆ ਵਿਚ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਉਨ੍ਹਾਂ ਨੇ ਇੰਡੀਅਨ ਚੈਂਬਰ ਆਫ ਕਾਮਰਸ ਦੇ ਈ-ਸੰਮੇਲਨ 'ਚ ਕਿਹਾ ਕਿ ਮੱਛੀ ਨਿਰਯਾਤ ਇਸ ਸਮੇਂ 46,589 ਕਰੋੜ ਰੁਪਏ ਦਾ ਹੈ ਅਤੇ ਇਹ 2024-25 ਤੱਕ ਦੁੱਗਣੇ ਤੋਂ ਜ਼ਿਆਦਾ ਵਧ ਕੇ ਇਕ ਲੱਖ ਕਰੋੜ ਰੁਪਏ ਤੱਕ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ, 'ਸਰਕਾਰ ਨੇ ਅਗਲੇ ਪੰਜ ਸਾਲਾਂ ਵਿਚ ਮੱਛੀ ਪਾਲਣ ਖੇਤਰ ਵਿਚ 9 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਟੀਚਾ ਤੈਅ ਕੀਤਾ ਹੈ।' ਇਕ ਅਧਿਕਾਰਕ ਨੋਟੀਫਿਕੇਸ਼ਨ ਮੁਤਾਬਕ ਰੰਜਨ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਨੇ ਮੱਛੀ ਯੋਜਨਾ ਨੂੰ ਤਿਆਰ ਕੀਤਾ ਹੈ ਅਤੇ ਕੇਂਦਰ ਸਰਕਾਰ 2024-25 ਤੱਕ ਮੱਛੀ ਉਤਪਾਦਨ ਨੂੰ 138 ਲੱਖ ਟਨ ਤੋਂ ਵਧਾ ਕੇ 220 ਲੱਖ ਟਨ ਤੱਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਰੰਜਨ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਸਦਕਾ ਰੋਜ਼ਗਾਰ ਪੈਦਾ ਕਰਨ 'ਤੇ ਵੀ ਮਹੱਤਵਪੂਰਨ ਅਸਰ ਪਵੇਗਾ ਅਤੇ 2024-25 ਤੱਕ ਇਸ ਖੇਤਰ ਵਿਚ 55 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਉਮੀਦ ਹੈ, ਜਿਹੜੀ ਕਿ ਫਿਲਹਾਲ 15 ਲੱਖ ਹੈ।