ਪਹਿਲਾ ਭਾਰਤੀ ਜਹਾਜ਼ ਕੱਚੇ ਖੁਰਾਕੀ ਪਦਾਰਥ ਲੈ ਕੇ ਮਾਲਦੀਵ ਦੀ ਦੱਖਣੀ ਬੰਦਰਗਾਹ ’ਤੇ ਪੁੱਜਾ
Sunday, Jul 14, 2024 - 01:30 PM (IST)
ਮਾਲੇ (ਭਾਸ਼ਾ) - ਭਾਰਤ ਤੋਂ 150 ਟਨ ਕੱਚੇ ਖੁਰਾਕੀ ਪਦਾਰਥਾਂ ਦੀ ਪਹਿਲੀ ਖੇਪ ਮਾਲਦੀਵ ਦੀ ਦੱਖਣੀ ਬੰਦਰਗਾਹ ਅੱਡੂ ਪਹੁੰਚੀ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਸ ਨਾਲ ਦੱਖਣੀ ਟਾਪੂਆਂ ’ਚ ਦਰਾਮਦ ਦੀ ਲਾਗਤ ਅਤੇ ਜਟਿਲਤਾ ਘੱਟ ਹੋ ਜਾਵੇਗੀ।
ਤਾਜ਼ੇ ਫਲ, ਸਬਜ਼ੀਆਂ, ਪਿਆਜ਼, ਲਸਣ ਅਤੇ ਆਂਡੇ ਲੈ ਕੇ ਇਕ ਭਾਰਤੀ ਜਹਾਜ਼ ਤੂਤੀਕੋਰੀਨ ਬੰਦਰਗਾਹ ਤੋਂ ਰਵਾਨਾ ਹੋਇਆ ਅਤੇ ਬੁੱਧਵਾਰ ਦੇਰ ਰਾਤ ਮਾਲਦੀਵ ਦੇ ਸਭ ਤੋਂ ਦੱਖਣੀ ਟਾਪੂ ਅੱਡੂ ਦੀ ਹਿਤਾਧੂ ਬੰਦਰਗਾਹ ’ਤੇ ਪੁੱਜਾ।
ਭਾਰਤੀ ਕਾਰਗੋ ਜਹਾਜ਼ ਦੀ ਅਾਮਦ ਨਾਲ ਮਾਲਦੀਵ ਪੋਰਟਸ ਲਿਮਟਿਡ (ਐੱਮ. ਪੀ. ਐੱਲ.) ਵੱਲੋਂ ਤਮਿਲਨਾਡੂ ਦੀ ਤੂਤੀਕੋਰੀਨ ਬੰਦਰਗਾਹ ਤੋਂ ਅੱਡੂ ਦੀ ਹਿਤਾਧੂ ਬੰਦਰਗਾਹ ਤੱਕ ਸਿੱਧਾ ਜਹਾਜ਼ ਮਾਰਗ ਵੀ ਖੁੱਲ੍ਹ ਗਿਆ। ਏਟੋਲ ਟਾਈਮਸ ਨਿਊਜ਼ ਪੋਰਟਲ ਨੇ ਦੱਸਿਆ ਕਿ ਹੁਣ ਇਸਪਾਤ ਦੇ ਜਹਾਜ਼ਾਂ ਤੋਂ ਮਾਲਦੀਵ ਦੇ ਇਸ ਹਿੱਸੇ ’ਚ ਬਿਨਾਂ ਕਿਸੇ ਰੁਕਾਵਟ ਦੇ ਖੁਰਾਕੀ ਪਦਾਰਥ ਲਿਆਂਦੇ ਜਾ ਸਕਦੇ ਹਨ।