ਛੋਲਿਆਂ ਦੀ ਰਿਕਾਰਡ ਬਿਜਾਈ ਕਾਰਨ ਕੀਮਤਾਂ ''ਚ ਆ ਸਕਦੀ ਹੈ ਭਾਰੀ ਗਿਰਾਵਟ

01/18/2020 2:42:17 PM

ਨਵੀਂ ਦਿੱਲੀ — ਮੌਜੂਦਾ ਸੀਜ਼ਨ 'ਚ ਰਾਜਸਥਾਨ ਅਤੇ ਮਹਾਰਾਸ਼ਟਰ 'ਚ ਛੋਲਿਆਂ ਦੀ ਰਿਕਾਰਡ ਪੱਧਰ ਬਿਜਾਈ ਨਾਲ ਇਸ ਦਾ ਰਕਬਾ ਇਕ ਨਵਾਂ ਰਿਕਾਰਡ ਬਣਾਉਣ ਦੇ ਨੇੜੇ ਹੈ। ਮੌਜੂਦਾ ਮੌਸਮ 'ਚ ਛੋਲਿਆਂ ਦੀ ਬਿਜਾਈ 105 ਲੱਖ ਹੈਕਟੇਅਰ ਰਕਬੇ ਨੂੰ ਪਾਰ ਕਰ ਗਈ ਹੈ। ਰਕਬੇ ਵਿਚ ਵਾਧੇ ਅਤੇ ਬਿਹਤਰ ਫਸਲ ਹੋਣ ਦੀ ਸੰਭਾਵਨਾ ਕਾਰਨ ਇਸ ਸਾਲ ਦੇਸ਼ 'ਚ ਰਿਕਾਰਡ ਪੱਧਰ ਉਤਪਾਦਨ ਹੋਣ ਦੀ ਉਮੀਦ ਹੈ। ਉਤਪਾਦਨ ਵਧਣ ਦੇ ਅੰਦਾਜ਼ੇ ਨਾਲ ਛੋਲਿਆਂ ਦੀਆਂ ਕੀਮਤਾਂ ਵਿਚ ਗਿਰਾਵਟ ਸ਼ੁਰੂ ਹੋ ਗਈ ਹੈ। ਮੌਜੂਦਾ ਫਸਲ ਦੇ ਅਨੁਮਾਨ ਨੂੰ ਦੇਖਦੇ ਹੋਏ ਅਗਲੇ ਮਹੀਨੇ ਤੱਕ ਛੋਲਿਆਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰਾਲੇ ਅਨੁਸਾਰ 16 ਜਨਵਰੀ ਤੱਕ ਦੇਸ਼ ਭਰ ਵਿਚ 105.351 ਲੱਖ ਹੈਕਟੇਅਰ ਰਕਬੇ 'ਚ ਛੋਲਿਆਂ ਦੀ ਬਿਜਾਈ ਹੋ ਚੁੱਕੀ ਹੈ, ਜਿਹੜੀ ਕਿ ਪਿਛਲੇ ਸਾਲ 95.442 ਲੱਖ ਹੈਕਟੇਅਰ ਸੀ। ਦੇਸ਼ ਵਿਚ ਛੋਲਿਆਂ ਦਾ ਆਮ ਰਕਬਾ 93.53 ਲੱਖ ਹੈਕਟੇਅਰ ਮੰਨਿਆ ਜਾਂਦਾ ਹੈ ਅਤੇ ਇਸ ਸਮੇਂ ਤਕ ਆਮ ਤੌਰ 'ਤੇ 94.62 ਲੱਖ ਹੈਕਟੇਅਰ ਵਿਚ ਬਿਜਾਈ ਹੋਣ ਦਾ ਅਨੁਮਾਨ ਸੀ। ਦੇਸ਼ ਵਿਚ ਛੋਲੀਆਂ ਦੀ ਸਭ ਤੋਂ ਵੱਧ ਬਿਜਾਈ 2017-18 ਦੇ ਸੀਜ਼ਨ ਵਿਚ 105.951 ਲੱਖ ਹੈਕਟੇਅਰ ਵਿਚ ਹੋਈ ਸੀ। ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਬਿਜਾਈ ਅਧੀਨ ਰਕਬਾ ਹੁਣ ਤੱਕ ਦੇ ਸਾਰੇ ਬਿਜਾਈ ਰਿਕਾਰਡ ਤੋੜ ਸਕਦਾ ਹੈ। 

ਹਾਲਾਂਕਿ ਇਸ ਵਾਰ ਮੱਧ ਪ੍ਰਦੇਸ਼ ਦੇ ਵੱਡੇ ਉਤਪਾਦਨ ਵਾਲੇ ਸੂਬੇ 'ਚ ਬਿਜਾਈ ਪਿਛਲੇ ਸਾਲ 34.32 ਲੱਖ ਹੈਕਟੇਅਰ ਤੋਂ ਘਟ ਕੇ 27.38 ਲੱਖ ਹੈਕਟੇਅਰ ਰਹਿ ਗਈ ਹੈ। ਪਰ ਰਿਕਾਰਡ ਬਿਜਾਈ ਰਾਜਸਥਾਨ ਅਤੇ ਮਹਾਰਾਸ਼ਟਰ 'ਚ ਹੋਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਰਾਜਸਥਾਨ 'ਚ 21.38 ਲੱਖ ਹੈਕਟੇਅਰ ਰਕਬੇ ਤੇ ਛੋਲਿਆਂ ਦੀ ਬਿਜਾਈ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ 15.03 ਲੱਖ ਹੈਕਟੇਅਰ ਰਕਬੇ 'ਚ ਹੋਈ ਸੀ। ਰਾਜਸਥਾਨ ਵਿਚ ਛੋਲਿਆਂ ਦਾ ਆਮ ਰਕਬਾ 14.49 ਲੱਖ ਹੈਕਟੇਅਰ ਮੰਨਿਆ ਜਾਂਦਾ ਹੈ। ਹੁਣ ਤੱਕ ਮਹਾਰਾਸ਼ਟਰ ਵਿਚ 20.38 ਲੱਖ ਹੈਕਟੇਅਰ ਵਿਚ ਛੋਲਿਆਂ ਦੀ ਬਿਜਾਈ ਕੀਤੀ ਗਈ ਹੈ ਜਦੋਂਕਿ ਪਿਛਲੇ ਸਾਲ ਇਹ 12.73 ਲੱਖ ਹੈਕਟੇਅਰ ਸੀ। ਕਰਨਾਟਕ ਵਿਚ 12.27 ਲੱਖ ਹੈਕਟੇਅਰ ਅਤੇ ਉੱਤਰ ਪ੍ਰਦੇਸ਼ ਵਿਚ 5.87 ਲੱਖ ਹੈਕਟੇਅਰ ਵਿਚ ਛੋਲਿਆਂ ਦੀ ਬਿਜਾਈ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਬਰਾਬਰ ਹੀ ਹੈ।

ਕਾਰੋਬਾਰੀਆਂ ਦੀ ਮੰਨੀਏ ਤਾਂ ਅਗਲੇ ਇਕ ਮਹੀਨੇ ਛੋਲਿਆਂ 'ਚ ਕਰੀਬ 1,000 ਰੁਪਏ ਪ੍ਰਤੀ ਕੁਇੰਟਲ ਦੀ ਗਿਰਾਵਟ ਹੋ ਸਕਦੀ ਹੈ। ਮੰਡੀਆਂ ਵਿਚ ਛੋਲਿਆਂ ਦੇ ਭਾਅ ਟੁੱਟਣੇ ਸ਼ੁਰੂ ਹੋ ਗਏ ਹਨ ਜਿਹੜੇ ਕਿ ਆਉਣ ਵਾਲੇ ਦਿਨਾਂ ਵਿਚ ਆਮਦ ਵਧਣ ਦੇ ਨਾਲ ਹੋਰ ਤੇਜ਼ੀ ਨਾਲ ਟੁੱਟ ਸਕਦੇ ਹਨ। ਜੈਪੁਰ ਮੰਡੀ ਵਿਚ ਛੋਲੇ 4,400 ਰੁਪਏ ਪ੍ਰਤੀ ਕੁਇੰਟਲ ਤੋਂ ਫਿਸਲ ਗਿਆ ਹੈ ਜਿਹੜਾ ਕਿ ਪਿਛਲੇ ਮਹੀਨੇ ਪਹਿਲਾਂ 5,000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਸੀ। ਫਰਵਰੀ ਦੇ ਅੰਤ ਤੱਕ ਛੋਲਿਆਂ ਦੀ ਨਵੀਂ ਫਸਲ ਮੰਡੀਆਂ ਵਿਚ ਆਵੇਗੀ। ਫਰਵਰੀ ਤੱਕ ਰਾਜਸਥਾਨ ਦੀਆਂ ਮੰਡੀਆਂ ਵਿਚ ਛੋਲੇ 3,500-3,600 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਸਕਦਾ ਹੈ।      


Related News