ਸਰਕਾਰ ਵੱਲੋਂ 42 ਕਰੋੜ ਲੋਕਾਂ ਨੂੰ 53,248 ਕਰੋੜ ਰੁ: ਦੀ ਮਦਦ

Wednesday, Jun 03, 2020 - 05:32 PM (IST)

ਸਰਕਾਰ ਵੱਲੋਂ 42 ਕਰੋੜ ਲੋਕਾਂ ਨੂੰ 53,248 ਕਰੋੜ ਰੁ: ਦੀ ਮਦਦ

ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀ. ਐੱਮ. ਜੀ. ਕੇ. ਪੀ.) ਤਹਿਤ ਤਕਰੀਬਨ 42 ਕਰੋੜ ਗਰੀਬਾਂ ਨੂੰ ਹੁਣ ਤੱਕ 53,248 ਕਰੋੜ ਰੁਪਏ ਦੀ ਵਿੱਤੀ ਸਹਾਇਤ ਉਪਲੱਬਧ ਕਰਾਈ ਗਈ ਹੈ। ਨਰਿੰਦਰ ਮੋਦੀ ਸਰਕਾਰ ਨੇ ਕਮਜ਼ੋਰ ਵਰਗਾਂ ਨੂੰ ਕੋਵਿਡ-19 ਸੰਕਟ ਤੋਂ ਰਾਹਤ ਦੇਣ ਲਈ 26 ਮਾਰਚ ਨੂੰ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।

ਇਸ ਪੈਕੇਜ 'ਚ ਗਰੀਬਾਂ ਨੂੰ ਮੁਫਤ ਅਨਾਜ ਅਤੇ ਔਰਤਾਂ, ਬਜ਼ੁਰਗਾਂ, ਕਿਸਾਨਾਂ ਨੂੰ ਨਕਦ ਸਹਾਇਤਾ ਉਪਲੱਬਧ ਕਰਾਉਣਾ ਸ਼ਾਮਲ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ ਪੈਕੇਜ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਨਜ਼ਰ ਰੱਖ ਰਹੀਆਂ ਹਨ।

ਪੀ. ਐੱਮ. ਕਿਸਾਨ ਯੋਜਨਾ ਤਹਿਤ ਪਹਿਲੀ ਕਿਸ਼ਤ ਦੇ ਰੂਪ 'ਚ 8.9 ਲਾਭਪਾਤਰਾਂ ਨੂੰ 16,394 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਉੱਥੇ ਹੀ, ਦੋ ਕਿਸ਼ਤਾਂ 'ਚ ਜਨਧਨ ਖਾਤਾਧਾਰਕਾਂ ਨੂੰ 20,344 ਕਰੋੜ ਰੁਪਏ ਦਿੱਤੇ ਗਏ ਹਨ। ਇਸ ਤੋਂ ਇਲਾਵਾ 2,814.5 ਕਰੋੜ ਰੁਪਏ 2.81 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿਵਿਆਂਗਾ ਨੂੰ ਦਿੱਤੇ ਗਏ ਹਨ। ਮੰਤਰਾਲਾ ਮੁਤਾਬਕ, ਅਪ੍ਰੈਲ 'ਚ 36 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 78.86 ਕਰੋੜ ਲੋਕਾਂ ਨੂੰ 36.693 ਲੱਖ ਟਨ ਅਨਾਜ ਵੰਡਿਆ ਗਿਆ ਹੈ। ਮਈ 'ਚ 35 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 65.85 ਕਰੋੜ ਲਾਭਪਾਤਰਾਂ ਵਿਚਕਾਰ 32.92 ਲੱਖ ਟਨ ਅਨਾਜ ਵੰਡਿਆ ਗਿਆ। ਉੱਥੇ ਹੀ, ਜੂਨ ਲਈ 17 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 7.16 ਕਰੋੜ ਲਾਭਪਾਤਰਾਂ ਲਈ 3.58 ਲੱਖ ਟਨ ਅਨਾਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਜਵਲਾ ਯੋਜਨਾ 'ਚ 9.25 ਕਰੋੜ ਸਿਲੰਡਰ ਬੁੱਕ ਹੋਏ ਹਨ ਅਤੇ 8.58 ਕਰੋੜ ਲਾਭਪਾਤਰਾਂ ਨੂੰ ਦਿੱਤੇ ਗਏ ਹਨ।


author

Sanjeev

Content Editor

Related News