ਵਿੱਤ ਮੰਤਰੀ ਸੀਤਾਰਮਨ ਨੇ ADB ਦੀ ਜ਼ਰੂਰਤ ''ਤੇ ਦਿੱਤਾ ਜ਼ੋਰ, ਕਿਹਾ-ਬਦਲਾਅ ਵਾਲਾ ਰੁਖ਼ ਅਪਣਾਏ
Thursday, May 04, 2023 - 11:53 AM (IST)

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਮਜ਼ਬੂਤ ਏਸ਼ੀਅਨ ਵਿਕਾਸ ਬੈਂਕ (ਏਡੀਬੀ) ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਸਾਨੂੰ ਅਜਿਹੇ ਏਡੀਬੀ ਦੀ ਜ਼ਰੂਰਤ ਹੈ ਜਿਹੜਾ ਖੇਤਰੀ ਵਿਕਾਸ ਲਈ ਹੀ ਨਹੀਂ ਸਗੋਂ ਬਦਲਾਅ ਵਾਲਾ ਰੁਖ਼ ਵੀ ਅਪਣਾਏ। ਸੀਤਾਰਮਨ ਨੇ ਕਿਹਾ ਕਿ ਅੱਜ ਦੁਨੀਆ ਈਂਧਨ, ਭੋਜਨ, ਖਾਦ, ਕਰਜ਼ਾ, ਊਰਜਾ, ਸਪਲਾਈ ਲੜੀ, ਵਿੱਤੀ ਸਥਿਰਤਾ ਆਦਿ ਦੇ 'ਮੁੜ ਵਸੇਬੇ' ਦੇ ਪੜਾਅ ਵਿੱਚੋਂ ਲੰਘ ਰਹੀ ਹੈ। ਇਸ ਲਈ ਸਾਨੂੰ ਇੱਕ ਮਜ਼ਬੂਤ ਏ.ਡੀ.ਬੀ. ਦੀ ਲੋੜ ਹੈ, ਜੋ ਵਾਧੇ ਵਾਲੀ ਪਹੁੰਚ ਦੀ ਬਜਾਏ ਇੱਕ ਪਰਿਵਰਤਨਸ਼ੀਲ ਰੁਖ਼ ਅਪਣਾਵੇ।
ਸੀਤਾਰਮਨ ਇਥੇ ਏ.ਡੀ.ਬੀ. ਦੀ 56ਵੀਂ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਈ ਹੈ। ਭਾਰਤ 1966 ਵਿੱਚ ਬਣੀ ਇਸ ਬਹੁ-ਪੱਖੀ ਵਿੱਤੀ ਏਜੰਸੀ ਦਾ ਨਾ ਕੇਵਲ ਇੱਕ ਸੰਸਥਾਪਕ ਮੈਂਬਰ ਹੈ, ਸਗੋਂ ਚੌਥਾ ਸਭ ਤੋਂ ਵੱਡਾ ਸ਼ੇਅਰਧਾਰਕ ਵੀ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਲਾਨਾ ਮੀਟਿੰਗ ਦਾ ਵਿਸ਼ਾ 'ਰੀਬਾਉਂਡਿੰਗ ਏਸ਼ੀਆ: ਰੀਕਵਰ, ਰੀਕਨੈਕਟ ਐਂਡ ਰਿਫਾਰਮ' ਹੈ, ਜੋ ਭਾਰਤ ਦੀ ਜੀ-20 ਪ੍ਰਧਾਨਗੀ ਦੀ ਭਾਵਨਾ ਅਤੇ ਥੀਮ 'ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ' ਦੇ ਅਨੁਸਾਰ ਹੈ।
ਉਸਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ, ਵਿਕਾਸਸ਼ੀਲ ਦੇਸ਼ ਦੇ ਮੈਂਬਰ (ਡੀ.ਐੱਮ.ਸੀ.) ਨੂੰ ਏ.ਡੀ.ਬੀ. ਤੋਂ ਵਧੇਰੇ ਸਰੋਤਾਂ ਅਤੇ ਕਾਰਜਸ਼ੀਲ ਕੁਸ਼ਲਤਾ ਦੀ ਉਮੀਦ ਕਰਦੇ ਹਨ। ਸੀਤਾਰਮਨ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਰਕਾਰੀ ਅਤੇ ਨਿੱਜੀ ਦੋਵਾਂ ਖੇਤਰਾਂ ਤੋਂ ਨਵੇਂ ਸਿਰਿਓਂ ਸ਼ਮੂਲੀਅਤ ਜ਼ਰੂਰੀ ਹੈ। ਏ.ਡੀ.ਬੀ. ਨੂੰ ਗ਼ਰੀਬੀ ਘਟਾਉਣ ਅਤੇ ਘੱਟ ਆਮਦਨੀ ਵਾਲੇ ਦੇਸ਼ਾਂ (ਐੱਲ.ਆਈ.ਸੀ.) ਦੇ ਵਿਕਾਸ ਦੇ ਆਪਣੇ ਮੁੱਖ ਏਜੰਡੇ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਗਲੋਬਲ ਜਨਤਕ ਵਸਤੂਆਂ (ਜੀ.ਪੀ.ਜੀ) 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਭਾਰਤੀ ਅਰਥਵਿਵਸਥਾ ਦੇ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਮੌਜੂਦਾ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ ਇਹ ਮਜ਼ਬੂਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਜਲਵਾਯੂ ਵਿੱਤ ਅਤੇ ਹੋਰ ਮੁੱਦਿਆਂ 'ਤੇ ਏ.ਡੀ.ਬੀ. ਦਾ ਸਮਰਥਨ ਜਾਰੀ ਰੱਖੇਗਾ।