ਸਰਕਾਰ 18 ਤੋਂ 45 ਸਾਲ ਦੇ ਲੋਕਾਂ ਲਈ ਵੀ ਖੋਲ੍ਹੇ ਕੋਵਿਡ ਟੀਕਾਕਰਨ : ਫਿੱਕੀ
Saturday, Apr 03, 2021 - 03:23 PM (IST)

ਨਵੀਂ ਦਿੱਲੀ- ਉਦਯੋਗ ਮੰਡਲ ਫਿੱਕੀ ਨੇ ਸਰਕਾਰ ਨੂੰ ਕੋਵਿਡ-19 ਸੰਕਰਮਣ ਦੀ ਜਾਂਚ ਵਧਾਉਣ ਦੀ ਮੰਗ ਕੀਤੀ ਹੈ, ਨਾਲ ਹੀ 18 ਤੋਂ 45 ਸਾਲ ਦੇ ਲੋਕਾਂ ਨੂੰ ਵੀ ਟੀਕਾਕਰਨ ਵਿਚ ਸ਼ਾਮਲ ਕਰਨ ਲਈ ਕਿਹਾ ਹੈ। ਫਿੱਕੀ ਨੇ ਮਹਾਮਾਰੀ ਨਾਲ ਲੜਾਈ ਵਿਚ ਉਦਯੋਗ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਫਿੱਕੀ ਦੇ ਮੁਖੀ ਉਦੈ ਸ਼ੰਕਰ ਨੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਹਰਸ਼ ਵਰਧਨ ਨੂੰ ਲਿਖੀ ਚਿੱਠੀ ਵਿਚ ਕਿਹਾ, ''ਅਜੇ ਅਸੀਂ ਰੋਜ਼ਾਨਾ 11 ਲੱਖ ਨਮੂਨਿਆਂ ਦੀ ਜਾਂਚ ਕਰ ਰਹੇ ਹਾਂ। ਜਨਵਰੀ ਵਿਚ ਅਸੀਂ 15 ਲੱਖ ਜਾਂਚ ਪ੍ਰਤੀਦਿਨ ਕਰ ਰਹੇ ਸੀ। ਸਾਨੂੰ ਜਾਂਚ ਦੀ ਦਰ ਵਧਾਉਣੀ ਚਾਹੀਦੀ ਹੈ। ਦੇਸ਼ ਵਿਚ ਕੋਵਿਡ ਜਾਂਚ ਲਈ 2,440 ਲੈਬਸ ਹਨ। ਇਨ੍ਹਾਂ ਵਿਚੋਂ 1,200 ਤੋਂ ਵੱਧ ਨਿੱਜੀ ਖੇਤਰ ਵਿਚ ਹਨ।"
ਸ਼ੰਕਰ ਨੇ ਕਿਹਾ ਕਿ ਸੂਬਿਆਂ ਨੂੰ ਨਿੱਜੀ ਸਹੂਲਤਾਂ ਦੇ ਇਸਤੇਮਾਲ ਦੀ ਸਲਾਹ ਦਿੱਤੀ ਜਾ ਸਕਦੀ ਹੈ। ਉਨ੍ਹਾਂ ਸਰਕਾਰ ਨੂੰ 18 ਤੋਂ 45 ਸਾਲ ਦੇ ਲੋਕਾਂ ਲਈ ਵੀ ਟੀਕਾਕਰਨ ਖੋਲ੍ਹਣ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਇਸ ਉਮਰ ਵਰਗ ਦੀ ਵਜ੍ਹਾ ਨਾਲ ਵੀ ਸੰਕਰਮਣ ਤੇਜ਼ੀ ਨਾਲ ਫ਼ੈਲ ਰਿਹਾ ਹੈ। ਉਨ੍ਹਾਂ ਕਿਹਾ, ''ਦੇਸ਼ ਵਿਚ ਟੀਕੇ ਦੀ ਕੋਈ ਘਾਟ ਨਹੀਂ ਹੈ। ਨਾਲ ਹੀ ਨਿੱਜੀ ਖੇਤਰ ਦੇ ਸਹਿਯੋਗ ਨਾਲ ਟੀਕਾਕਰਨ ਤੇਜ਼ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਇਸ ਉਮਰ ਵਰਗ ਨੂੰ ਵੀ ਟੀਕਾ ਲਾਉਣ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ। ਇਸ ਉਮਰ ਵਰਗ ਨੂੰ ਟੀਕਾ ਲਾਉਣ ਨਾਲ ਸੰਕਰਮਣ ਦਾ ਫ਼ੈਲਾਅ ਰੋਕਣ ਵਿਚ ਮਦਦ ਮਿਲੇਗੀ।'' ਸ਼ੰਕਰ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਉਦਯੋਗ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਸਰਕਾਰ ਨੂੰ ਪੂਰੀ ਮਦਦ ਕਰੇਗਾ।