ਬਾਰਿਸ਼ ਨਾਲ ਬਰਬਾਦ ਹੋਏ ਕਿਸਾਨਾਂ ਨੂੰ ਰਾਹਤ ਦੇਵੇਗੀ ਸਰਕਾਰ, ਸੈਟੇਲਾਈਟ ਨਾਲ ਹੋਵੇਗਾ ਨੁਕਸਾਨ ਦਾ ਸਰਵੇ
Thursday, Mar 19, 2020 - 10:20 AM (IST)
ਨਵੀਂ ਦਿੱਲੀ—ਪਿਛਲੇ ਦੋ ਹਫਤੇ ਉੱਤਰ ਭਾਰਤ ਦੇ ਕਿਸਾਨਾਂ ਲਈ ਬਹੁਤ ਭਾਰੀ ਸਾਬਤ ਹੋਏ ਹਨ। ਥਾਂ-ਥਾਂ 'ਤੇ ਤੇਜ਼ ਬਾਰਿਸ਼, ਹਨ੍ਹੇਰੀ ਅਤੇ ਗੜ੍ਹੇ ਪੈਣ ਨਾਲ ਵੱਡੇ ਪੈਮਾਨੇ 'ਤੇ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ। ਖੇਤਾਂ 'ਚ ਸਰ੍ਹੋਂ ਅਤੇ ਕਣਕ ਦੀ ਫਸਲ ਕੱਟਣ ਲਈ ਤਿਆਰ ਖੜੀ ਸੀ ਪਰ ਗੜ੍ਹੇ ਅਤੇ ਬਾਰਿਸ਼ ਦੇ ਚੱਲਦੇ ਫਸਲ ਪੂਰੀ ਤਰ੍ਹਾਂ ਬਰਬਾਦ ਹੋਣ ਦੇ ਸਮਾਚਾਰ ਮਿਲੇ ਹਨ। ਹਾਲਾਂਕਿ ਪ੍ਰਭਾਵਿਤ ਸੂਬਿਆਂ ਦੀਆਂ ਸਰਕਾਰਾਂ ਨੇ ਫੌਰਨ ਹੀ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ।
ਕੇਂਦਰ ਸਰਕਾਰ ਵੀ ਕਿਸਾਨਾਂ ਨੂੰ ਰਾਹਤ ਦੇਣ ਲਈ ਜੁੱਟ ਗਈ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਸੂਬਾ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਮੌਸਮ ਦੀ ਮਾਰ ਜਾਂ ਆਫਤਾਂ ਦੇ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਆਕਲਨ ਹੁਣ ਉਪਗ੍ਰਹਿ (ਸੈਟੇਲਾਈਟ) ਨਾਲ ਕੀਤਾ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਫਸਲ ਬੀਮਾ ਦਾ ਲਾਭ ਜਾਂ ਮੁਆਵਜ਼ਾ ਦੇਣ 'ਚ ਟ੍ਰਾਂਸਪੈਰੇਂਸੀ ਆਵੇਗੀ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ.ਐੱਮ.ਐੱਫ.ਬੀ.ਵਾਈ) ਕਿਸਾਨਾਂ ਲਈ ਲਾਭਕਾਰੀ ਸਾਬਿਤ ਹੋਵੇਗੀ।
ਤਿੰਨ ਸਾਲ ਲਈ ਹੋਵੇਗਾ ਟੇਂਡਰ
ਫਸਲ ਬੀਮਾ 'ਚ ਦੂਜਾ ਬਦਲਾਅ ਇਹ ਕੀਤਾ ਗਿਆ ਹੈ ਕਿ ਪਹਿਲਾਂ ਬੀਮਾ ਕੰਪਨੀਆਂ ਲਈ ਹੁਣ ਇਕ ਸਾਲ ਦੀ ਥਾਂ ਤੋਂ ਘੱਟੋ-ਘੱਟ ਤਿੰਨ ਸਾਲ ਲਈ ਟੇਂਡਰ ਭਰਨਾ ਜ਼ਰੂਰੀ ਹੋਵੇਗਾ। ਇਸ ਨਾਲ ਕਿਸਾਨਾਂ ਦੀਆਂ ਸਮੱਸਿਆ ਦਾ ਹੱਲ ਹੋਵੇਗਾ, ਕਿਉਂਕਿ ਤਿੰਨ ਸਾਲ ਲਈ ਜਦੋਂ ਕੰਪਨੀ ਟੇਂਡਰ ਭਰੇਗੀ ਤਾਂ ਕਿਸਾਨਾਂ ਦੇ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਬਣੀ ਰਹੇਗੀ।