ਕਿਸਾਨਾਂ ਦੇ ਅੰਦੋਲਨ ਨਾਲ ਆਰਥਿਕ ਸੁਧਾਰ ਹੋ ਸਕਦਾ ਹੈ ਪ੍ਰਭਾਵਿਤ : CII

12/14/2020 10:43:47 PM

ਨਵੀਂ ਦਿੱਲੀ— ਉਦਯੋਗ ਸੰਗਠਨ ਸੀ. ਆਈ. ਆਈ. ਨੇ ਸੋਮਵਾਰ ਨੂੰ ਕਿਹਾ ਕਿ ਕਿਸਾਨਾਂ ਦੇ ਮੌਜੂਦਾ ਅੰਦੋਲਨ ਨਾਲ ਸਪਲਾਈ ਚੇਨ 'ਚ ਵਿਘਨ ਪੈਦਾ ਹੋਏ ਹਨ, ਜੋ ਆਉਣ ਵਾਲੇ ਦਿਨਾਂ 'ਚ ਆਰਥਿਕਤਾ ਨੂੰ ਪ੍ਰਭਾਵਿਤ ਕਰਨਗੇ, ਜਿਸ ਨਾਲ ਰਿਕਵਰੀ 'ਤੇ ਅਸਰ ਪੈ ਸਕਦਾ ਹੈ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਨੇ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਸੁਖਾਵੇਂ ਹੱਲ 'ਤੇ ਫੌਰੀ ਤੌਰ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ।

ਪਿਛਲੇ ਕੁਝ ਹਫ਼ਤਿਆਂ ਤੋਂ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨਾਂ ਕਾਰਨ ਦਿੱਲੀ-ਐੱਨ. ਸੀ. ਆਰ., ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਕਈ ਜਗ੍ਹਾ ਆਵਾਜਾਈ 'ਚ ਰੁਕਾਵਟ ਪੈਦਾ ਹੋਈ ਹੈ। ਸੀ. ਆਈ. ਆਈ. ਨੇ ਕਿਹਾ ਕਿ ਕੋਰੋਨਾ ਤਾਲਾਬੰਦੀ ਤੋਂ ਮਗਰੋਂ ਉਭਰ ਰਹੀ ਸਪਲਾਈ ਲੜੀ ਇਕ ਵਾਰ ਫਿਰ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਮੁਤਾਬਕ, ਲਗਭਗ ਦੋ ਤਿਹਾਈ ਖੇਪ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐੱਨ. ਸੀ. ਆਰ. 'ਚ ਆਪਣੀ ਮੰਜ਼ਲ 'ਤੇ ਪਹੁੰਚਣ ਲਈ 50 ਫ਼ੀਸਦੀ ਵਾਧੂ ਸਮਾਂ ਲੈ ਰਹੀਆਂ ਹਨ।

ਇਸ ਤੋਂ ਇਲਾਵਾ ਟਰਾਂਸਪੋਰਟ ਵਾਹਨ ਹਰਿਆਣਾ, ਉਤਰਾਖੰਡ ਅਤੇ ਪੰਜਾਬ ਦੇ ਗੁਦਾਮਾਂ ਤੋਂ ਦਿੱਲੀ ਪਹੁੰਚਣ ਲਈ 50 ਫ਼ੀਸਦੀ ਲੰਮਾ ਪੈੜਾ ਤੈਅ ਕਰ ਰਹੇ ਹਨ। ਇਸ ਨਾਲ ਟਰਾਂਸਪੋਰਟ ਲਾਗਤ ਲਗਭਗ 8-10 ਫ਼ੀਸਦੀ ਤੱਕ ਵੱਧ ਸਕਦੀ ਹੈ। ਉਦੋਯਗ ਸੰਗਠਨ ਨੇ ਕਿਹਾ ਕਿ ਦਿੱਲੀ ਦੇ ਆਸਪਾਸ ਦੇ ਉਦਯੋਗਿਕ ਖੇਤਰਾਂ 'ਚ ਬਹੁਤ ਸਾਰੀਆਂ ਕੰਪਨੀਆਂ ਨੂੰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਉਨ੍ਹਾਂ ਲਈ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ। ਸੀ. ਆਈ. ਆਈ. ਦੇ ਉੱਤਰੀ ਖੇਤਰ ਦੇ ਚੇਅਰਮੈਨ ਨਿਖਿਲ ਸਵਾਹਨੀ ਨੇ ਕਿਹਾ, ''ਚੱਲ ਰਹੇ ਅੰਦੋਲਨ ਦੇ ਤੁਰੰਤ ਹੱਲ ਦੀ ਲੋੜ ਹੈ ਕਿਉਂਕਿ ਇਹ ਨਾ ਸਿਰਫ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰ ਰਿਹਾ ਹੈ ਸਗੋਂ ਸਪਲਾਈ ਲੜੀ 'ਚ ਵੀ ਵੱਡੀ ਰੁਕਾਵਟ ਪੈ ਰਹੀ ਹੈ ਜਿਸ ਨਾਲ ਵੱਡੇ ਅਤੇ ਛੋਟੇ ਉਦਯੋਗ ਪ੍ਰਭਾਵਿਤ ਹੋ ਰਹੇ ਹਨ।''


Sanjeev

Content Editor

Related News