ਗੰਨੇ ਨੂੰ ਲੈ ਕੇ ਬਣ ਰਿਹਾ ਵੱਡਾ ਪਲਾਨ, ਕਿਸਾਨਾਂ ਨੂੰ ਮਿਲਣਗੇ 6 ਹਜ਼ਾਰ ਰੁ:!

09/09/2019 10:47:26 AM

ਨਵੀਂ ਦਿੱਲੀ— ਗੰਨਾ ਕਿਸਾਨਾਂ ਲਈ ਸਰਕਾਰ ਜਲਦ ਹੀ ਇਕ ਵੱਡਾ ਕਦਮ ਚੁੱਕ ਸਕਦੀ ਹੈ। ਸਰਕਾਰ ਘੱਟ ਸਿੰਚਾਈ ਵਾਲੇ ਖੇਤਰਾਂ 'ਚ ਕਿਸਾਨਾਂ ਨੂੰ ਗੰਨੇ ਦੀ ਖੇਤੀ ਤੋਂ ਹਟਾ ਕੇ ਹੋਰ ਫਸਲਾਂ ਬੀਜਣ ਲਈ ਉਤਸ਼ਾਹਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਕ ਸਰਕਾਰੀ ਪੈਨਲ ਕਿਸਾਨਾਂ ਨੂੰ ਪਾਣੀ ਦੀ ਘਾਟ ਵਾਲੇ ਖੇਤਰਾਂ 'ਚ ਗੰਨੇ ਦੀ ਬਿਜਾਈ ਤੋਂ ਰੋਕਣ ਲਈ ਵਿਸ਼ੇਸ਼ ਪ੍ਰੋਤਸਾਹਨ ਦੇਣ ਦੀ ਸਿਫਾਰਸ਼ ਕਰਨ 'ਤੇ ਵਿਚਾਰ ਕਰ ਰਿਹਾ ਹੈ।

 

 

ਸੂਤਰਾਂ ਮੁਤਾਬਕ, ਟਾਸਕ ਫੋਰਸ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਰਾਜਾਂ 'ਚ ਗੰਨੇ ਦੀ ਬਿਜਾਈ ਨਾ ਕਰਨ ਲਈ ਕਿਸਾਨਾਂ ਨੂੰ ਸਾਲ 'ਚ 6,000 ਰੁਪਏ ਪ੍ਰਤੀ ਏਕੜ ਦੇਣ ਦਾ ਪ੍ਰਸਤਾਵ ਕਰ ਸਕਦੀ ਹੈ। ਸਰਕਾਰ ਵੱਲੋਂ ਨੀਤੀ ਆਯੋਗ ਮੈਂਬਰ ਰਮੇਸ਼ ਚੰਦ ਦੀ ਅਗਵਾਈ ਵਾਲੀ ਟਾਸਕ ਫੋਰਸ ਨੂੰ ਧਰਤੀ ਹੇਠਲੇ ਪਾਣੀ ਦੀ ਘਾਟ ਵਾਲੇ ਖੇਤਰਾਂ 'ਚ ਪਾਣੀ ਨੂੰ ਹੋਰ ਡੂੰਘੇ ਜਾਣ ਤੋਂ ਰੋਕਣ ਲਈ ਫਸਲੀ ਵਿਭਿੰਨਤਾ ਵਰਗੇ ਲੰਬੇ ਸਮੇਂ ਦੇ ਹੱਲ ਲੱਭਣ ਅਤੇ ਵਿਸ਼ਵ ਪੱਧਰ ਦੇ ਬਾਜ਼ਾਰਾਂ ਨਾਲ ਭਾਰਤ ਦੀ ਖੰਡ ਇੰਡਸਟਰੀ ਨੂੰ ਜੋੜਨ ਲਈ ਸਿਫਾਰਸ਼ਾਂ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸਰਕਾਰ ਦਾ ਵਿਚਾਰ ਗੰਨੇ ਹੇਠ ਰਕਬੇ ਨੂੰ 20 ਫੀਸਦੀ ਜਾਂ ਇਸ ਦੇ ਆਸਪਾਸ ਘਟਾਉਣ ਦਾ ਹੈ। ਪਿਛਲੇ ਪੰਜ ਸਾਲਾਂ ਤੋਂ ਔਸਤ 48 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਤੇ ਗੰਨੇ ਦੀ ਖੇਤੀ ਹੋ ਰਹੀ ਹੈ। ਸਾਲ 2018-19 'ਚ ਗੰਨੇ ਦਾ ਰਕਬਾ 55 ਲੱਖ ਹੈਕਟੇਅਰ ਹੈ। ਫਸਲਾਂ ਦੀ ਬਿਜਾਈ 'ਚ ਪਾਣੀ ਦਾ ਸਭ ਤੋਂ ਵੱਧ ਇਸਤੇਮਾਲ ਗੰਨੇ ਤੇ ਝੋਨੇ ਦੀ ਬਿਜਾਈ 'ਚ ਹੁੰਦਾ ਹੈ, ਸਿੰਚਾਈ ਦਾ ਤਕਰੀਬਨ 60 ਫੀਸਦੀ ਪਾਣੀ ਇਨ੍ਹਾਂ ਦੋਹਾਂ ਫਸਲਾਂ ਨੂੰ ਹੀ ਲੱਗਦਾ ਹੈ। ਜਿਨ੍ਹਾਂ ਖੇਤਰਾਂ 'ਚ ਪਾਣੀ ਦੀ ਗੰਭੀਰ ਘਾਟ ਦਾ ਖਤਰਾ ਬਣ ਰਿਹਾ ਹੈ ਉਨ੍ਹਾਂ 'ਚ ਵੀ ਗੰਨੇ ਦੀ ਖੇਤੀ ਜ਼ੋਰਾਂ 'ਤੇ ਹੋ ਰਹੀ ਹੈ। ਇਸ ਲਈ ਸਰਕਾਰ ਹੁਣ ਇਸ ਦਾ ਬਦਲ ਕੱਢਣ ਦਾ ਰਸਤਾ ਖੋਜ ਰਹੀ ਹੈ।ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ 6 ਹਜ਼ਾਰ ਰੁਪਏ ਦਾ ਪ੍ਰੋਤਸਾਹਨ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ।


Related News