ਟਮਾਟਰਾਂ ਦੀਆ ਕੀਮਤਾਂ 50 ਫ਼ੀਸਦੀ ਘਟੀਆਂ, ਕਿਸਾਨਾਂ ਨੂੰ ਘਾਟੇ ਤੋਂ ਬਚਾ ਸਕਦੀਆਂ ਹਨ ਇਹ ਕੰਪਨੀਆਂ

Tuesday, Aug 31, 2021 - 01:11 PM (IST)

ਟਮਾਟਰਾਂ ਦੀਆ ਕੀਮਤਾਂ 50 ਫ਼ੀਸਦੀ ਘਟੀਆਂ, ਕਿਸਾਨਾਂ ਨੂੰ ਘਾਟੇ ਤੋਂ ਬਚਾ ਸਕਦੀਆਂ ਹਨ ਇਹ ਕੰਪਨੀਆਂ

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਜ਼ਿਆਦਾਤਰ ਟਮਾਟਰ ਪੈਦਾਵਾਰ ਵਾਲੇ ਸੂਬਿਆਂ ਦੇ ਥੋਕ ਬਾਜ਼ਾਰਾਂ ’ਚ ਟਮਾਟਰ ਦੀਆਂ ਕੀਮਤਾਂ ਡਿੱਗ ਕੇ 4 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਹੇਠਾਂ ਆ ਗਈਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਸ ਦੀ ਵਜ੍ਹਾ ਉਤਪਾਦਨ ਦੀ ਭਰਮਾਰ ਹੈ।

ਦੇਸ਼ ਦੇ 31 ਟਮਾਟਰ ਉਤਪਾਦਕ ਸੂਬਿਆਂ ’ਚੋਂ 23 ਦੀਆਂ ਥੋਕ ਮੰਡੀਆਂ ’ਚ ਕੀਮਤਾਂ ਦੀ ਸਰਕਾਰ ਵੱਲੋਂ ਨਿਗਰਾਨੀ ਕੀਤੀ ਜਾਂਦੀ ਹੈ। ਇਨ੍ਹਾਂ ’ਚ ਟਮਾਟਰ ਦੀਆਂ ਮੌਜੂਦਾ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦੀ ਜਾਂ 3 ਸਾਲ ਦੇ ਮੌਸਮੀ ਔਸਤ ਨਾਲੋਂ ਹੇਠਾਂ ਸਨ। ਮੌਜੂਦਾ ’ਚ ਫਸਲੀ ਸਾਲ 2021-22 (ਜੁਲਾਈ-ਜੂਨ) ਦੇ ਸ਼ੁਰੁਆਤੀ ਸਾਉਣੀ (ਗਰਮੀ) ਮੌਸਮ ਦੀ ਟਮਾਟਰ ਦੀ ਫਸਲ ਦੀ ਤੁੜਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ

ਅੰਕੜਿਆਂ ਅਨੁਸਾਰ, ਦੇਸ਼ ਦੇ ਸਬ ਤੋਂ ਵੱਡੇ ਟਮਾਟਰ ਉਤਪਾਦਕ ਸੂਬੇ ਮੱਧ ਪ੍ਰਦੇਸ਼ ਦੇ ਦੇਵਾਸ ’ਚ ਟਮਾਟਰ ਦੀ ਥੋਕ ਕੀਮਤ ਇਸ ਸਾਲ 28 ਅਗਸਤ ਨੂੰ ਡਿੱਗ ਕੇ 8 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 11 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ।

ਓਧਰ ਦੇਸ਼ ਦੇ ਛੇਵੇਂ ਸਭ ਤੋਂ ਵੱਡੇ ਟਮਾਟਰ ਉਤਪਾਦਕ ਸੂਬੇ ਮਹਾਰਾਸ਼ਟਰ ਦੇ ਜਲਗਾਂਵ ’ਚ ਟਮਾਟਰ ਦੀ ਥੋਕ ਕੀਮਤ 28 ਅਗਸਤ ਨੂੰ 80 ਫ਼ੀਸਦੀ ਡਿੱਗ ਕੇ 4 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 21 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ। ਓਧਰ ਔਰੰਗਾਬਾਦ ’ਚ ਟਮਾਟਰ ਦੀ ਕੀਮਤ 9.50 ਰੁਪਏ ਪ੍ਰਤੀ ਕਿੱਲੋਗ੍ਰਾਮ ਤੋਂ ਘਟ ਕੇ 4.50 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ, ਜਦੋਂ ਕਿ ਸੋਲਾਪੁਰ ’ਚ 15 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਕੋਲਹਾਪੁਰ ’ਚ 6.50 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 25 ਪ੍ਰਤੀ ਕਿੱਲੋਗ੍ਰਾਮ ਸੀ।

ਇਹ ਵੀ ਪੜ੍ਹੋ : ਅਡਾਨੀ ਸਮੂਹ ਨੇ ਹਿਮਾਚਲ 'ਚ ਸੇਬ ਦੀਆਂ ਕੀਮਤਾਂ ਘਟਾਈਆਂ, ਕਿਸਾਨ ਪਰੇਸ਼ਾਨ

ਕਿਸਾਨਾਂ ਨੂੰ ਕੀਮਤਾਂ ’ਚ ਗਿਰਾਵਟ ਤੋਂ ਬਚਾ ਸਕਦੀਆਂ ਹਨ ਫੂਡ ਪ੍ਰੋਸੈਸਿੰਗ ਕੰਪਨੀਆਂ

ਨੈਸ਼ਨਲ ਹਾਰਟੀਕਲਚਰ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ (ਐੱਨ. ਐੱਚ. ਆਰ. ਡੀ. ਐੱਫ.) ਐਕਟਿੰਗ ਡਾਇਰੈਕਟਰ ਪੀ. ਕੇ. ਗੁਪਤਾ ਨੇ ਇਕ ਇੰਟਰਵਿਊ ’ਚ ਦੱਸਿਆ, ਪ੍ਰਮੁੱਖ ਉਤਪਾਦਕ ਸੂਬਿਆਂ ’ਚ ਸਪਲਾਈ ਦੀ ਬਹੁਤਾਤ ਦੇ ਕਾਰਨ ਕੀਮਤਾਂ ਦਬਾਅ ’ਚ ਆ ਗਈਆਂ ਹਨ। ਅਨੁਕੂਲ ਮੌਸਮ ਕਾਰਨ ਟਮਾਟਰ ਦੀ ਫਸਲ ਚੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਗਰਮੀਆਂ (ਸ਼ੁਰੂਆਤੀ ਸਾਉਣੀ) ਮੌਸਮ ਨਾਲ ਟਮਾਟਰ ਦਾ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੋਣ ਦਾ ਅੰਦਾਜ਼ਾ ਹੈ ਅਤੇ ਜੇਕਰ ਫੂਡ ਪ੍ਰੋਸੈਸਿੰਗ ਕੰਪਨੀਆਂ ਉਨ੍ਹਾਂ ਦੇ ਬਚਾਅ ’ਚ ਆਉਂਦੀਆਂ ਹਨ, ਤਾਂ ਕਿਸਾਨਾਂ ਨੂੰ ਕੀਮਤਾਂ ’ਚ ਗਿਰਾਵਟ ਤੋਂ ਬਚਾਇਆ ਜਾ ਸਕਦਾ ਹੈ।

ਅੰਕੜਿਆਂ ਅਨੁਸਾਰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਟਮਾਟਰ ਉਤਪਾਦਕ ਸੂਬੇ ਕਰਨਾਟਕ ਦੇ ਕੋਲਾਰ ’ਚ ਟਮਾਟਰ ਦੀ ਥੋਕ ਕੀਮਤ 28 ਅਗਸਤ ਨੂੰ ਘਟ ਕੇ 5.30 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 18.70 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ, ਜਦੋਂ ਕਿ ਚਿੱਕਬੱਲਾਪੁਰਾ ’ਚ ਟਮਾਟਰ ਦਾ ਥੋਕ ਮੁੱਲ 28 ਅਗਸਤ ਨੂੰ ਘਟ ਕੇ 5.30 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਿਆ। ਆਂਧਰਾ ਪ੍ਰਦੇਸ਼ ’ਚ, ਦੇਸ਼ ਦਾ ਦੂਜਾ ਸਭ ਤੋਂ ਵੱਡਾ ਟਮਾਟਰ ਉਤਪਾਦਕ ਸੂਬੇ ਦੇ ਚਿੱਤੂਰ ਜ਼ਿਲੇ ਦੇ ਪਾਲਮਨੇਰ ’ਚ ਥੋਕ ਮੁੱਲ 40 ਪ੍ਰਤੀ ਕਿੱਲੋਗ੍ਰਾਮ ਤੋਂ ਡਿੱਗ ਕੇ 18.50 ਪ੍ਰਤੀ ਕਿੱਲੋਗ੍ਰਾਮ ਹੋ ਗਿਆ ।

ਖੇਤੀਬਾੜੀ ਮੰਤਰਾਲਾ ਦੇ ਦੂਜੇ ਅਗਾਊਂ ਅੰਦਾਜੇ ਅਨੁਸਾਰ, ਭਾਰਤ ਦਾ ਟਮਾਟਰ ਉਤਪਾਦਨ 2020-21 ਫਸਲ ਸਾਲ (ਜੁਲਾਈ-ਜੂਨ) ’ਚ 2.20 ਫ਼ੀਸਦੀ ਵਧ ਕੇ 21 ਮਿਲੀਅਨ ਟਨ ਹੋ ਗਿਆ, ਜਦੋਂ ਕਿ ਇਕ ਸਾਲ ਪਹਿਲਾਂ ਦੀ ਮਿਆਦ ’ਚ ਇਹ 20.55 ਮਿਲਿਅਨ ਟਨ ਸੀ।

ਇਹ ਵੀ ਪੜ੍ਹੋ : ਚੈੱਕ ਕੱਟਣ ਤੋਂ ਪਹਿਲਾਂ ਜਾਣ ਲਓ RBI ਦਾ ਨਵਾਂ ਨਿਯਮ, ਨਹੀਂ ਤਾਂ ਭੁਗਤਨਾ ਪੈ ਸਕਦਾ ਹੈ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News