ਸ਼ੇਅਰ ਡਿੱਗਣ ਨਾਲ ਅਡਾਨੀ ਦੀਆਂ ਕੰਪਨੀਆਂ ਦੇ ਸੰਯੁਕਤ ਬਾਜ਼ਾਰ ਪੂੰਜੀਕਰਣ ਨੂੰ ਹੋਇਆ 55,000 ਕਰੋੜ ਦਾ ਨੁਕਸਾਨ
Thursday, Aug 24, 2023 - 04:52 PM (IST)
ਬਿਜ਼ਨੈੱਸ ਡੈਸਕ - ਬੀਤੇ ਦਿਨ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਸੰਯੁਕਤ ਬਾਜ਼ਾਰ ਪੂੰਜੀਕਰਣ 54,876 ਕਰੋੜ ਰੁਪਏ ਤੋਂ ਘਟ ਕੇ 10.92 ਲੱਖ ਕਰੋੜ ਰੁਪਏ ਰਹਿ ਗਿਆ ਹੈ। ਅਜਿਹਾ ਨਿਵੇਸ਼ਕਾਂ ਦੀ ਭਾਵਨਾ ਮੰਦੀ ਹੋਣ ਕਾਰਨ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਡਾਨੀ ਟ੍ਰਾਂਸਮਿਸ਼ਨ ਦਾ ਸ਼ੇਅਰ 7.7 ਫ਼ੀਸਦੀ ਡਿੱਗ ਗਿਆ, ਜੋ ਬਾਅਦ ਵਿੱਚ 886 ਰੁਪਏ 'ਤੇ ਬੰਦ ਹੋ ਗਿਆ।
ਇਸ ਦੌਰਾਨ ਅਡਾਨੀ ਪਾਵਰ ਦਾ ਸ਼ੇਅਰ 7.1 ਫ਼ੀਸਦੀ ਡਿੱਗ ਗਿਆ, ਜੋ 323 ਰੁਪਏ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 6.2 ਫ਼ੀਸਦੀ ਫਿਸਲ ਕੇ 2,530 ਰੁਪਏ 'ਤੇ ਆ ਗਏ। ਕੰਪਨੀ ਦਾ ਬਾਜ਼ਾਰ ਮੁਲਾਂਕਣ 19,000 ਕਰੋੜ ਰੁਪਏ ਤੋਂ ਘਟ ਕੇ 2.88 ਲੱਖ ਕਰੋੜ ਰੁਪਏ ਰਹਿ ਗਿਆ ਹੈ। ਅਡਾਨੀ ਗਰੁੱਪ ਦੇ ਸ਼ੇਅਰ 23,532 ਕਰੋੜ ਰੁਪਏ ਦੇ ਆਲ-ਟਾਈਮ ਰਿਕਾਰਡ ਤਿਮਾਹੀ ਮੁਨਾਫੇ ਦੀ ਰਿਪੋਰਟ ਕਰਨ ਦੇ ਬਾਵਜੂਦ ਡਿੱਗ ਗਏ ਹਨ, ਜੋ ਸਾਲ ਦਰ ਸਾਲ 42 ਫ਼ੀਸਦੀ ਤੋਂ ਵੱਧ ਹੈ।
ਪ੍ਰਮੋਟਰਾਂ ਨੇ ਅਡਾਨੀ ਗ੍ਰੀਨ ਐਨਰਜੀ ਦੀ 2.5 ਫ਼ੀਸਦੀ ਹਿੱਸੇਦਾਰੀ ਕਤਰ ਇਨਵੈਸਟਮੈਂਟ ਅਥਾਰਟੀ ਨੂੰ 3,956 ਕਰੋੜ ਰੁਪਏ ਵਿੱਚ ਵੇਚ ਦਿੱਤੀ। ਅਡਾਨੀ ਗ੍ਰੀਨ ਨੇ 2027 ਤੱਕ ਸਮਰੱਥਾ ਵਿਸਥਾਰ 'ਤੇ 70 ਅਰਬ ਡਾਲਰ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਤਿੰਨ ਸਮੂਹ ਕੰਪਨੀਆਂ ਹੁਣ QIPs ਰਾਹੀਂ 21,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀਆਂ ਹਨ।