ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਰਤਨ ਅਤੇ ਗਹਿਣਿਆਂ ਦੀ ਬਰਾਮਦ 5.76 ਫੀਸਦੀ ਵਧੀ
Friday, Jan 21, 2022 - 07:00 PM (IST)
ਨਵੀਂ ਦਿੱਲੀ (ਭਾਸ਼ਾ) – ਅਮਰੀਕਾ, ਹਾਂਗਕਾਂਗ ਅਤੇ ਥਾਈਲੈਂਡ ਵਰਗੇ ਪ੍ਰਮੁੱਖ ਦੇਸ਼ਾਂ ’ਚ ਚੰਗੀ ਮੰਗ ਕਾਰਨ ਰਤਨ ਅਤੇ ਗਹਿਣਿਆਂ ਦੀ ਬਰਾਮਦ ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਦਸੰਬਰ ਦੌਰਾਨ 5.76 ਫੀਸਦੀ ਵਧ ਕੇ 29.08 ਅਰਬ ਡਾਲਰ ’ਤੇ ਪਹੁੰਚ ਗਈ। ਰਤਨ ਅਤੇ ਗਹਿਣਾ ਬਰਾਮਦ ਪਰਿਸ਼ਦ (ਜੀ. ਜੇ. ਈ. ਪੀ. ਸੀ.) ਨੇ ਕਿਹਾ ਕਿ ਦਸੰਬਰ 2021 ’ਚ ਬਰਾਮਦ 29.49 ਫੀਸਦੀ ਦੇ ਵਾਧੇ ਨਾਲ 3.04 ਅਰਬ ਡਾਲਰ ਰਹੀ।
ਜੀ. ਜੇ. ਈ. ਪੀ. ਸੀ. ਦੇ ਚੇਅਰਮੈਨ ਕੋਲਿਨ ਸ਼ਾਹ ਨੇ ਕਿਹਾ ਕਿ ਅਮਰੀਕਾ, ਹਾਂਗਕਾਂਗ, ਥਾਈਲੈਂਡ ਅਤੇ ਇਜ਼ਰਾਈਲ ਵਰਗੇ ਪ੍ਰਮੁੱਖ ਵਪਾਰ ਕੇਂਦਰਾਂ ’ਚ ਛੁੱਟੀਆਂ ਅਤੇ ਤਿਉਹਾਰਾਂ ਦੀ ਮੰਗ ਵੱਧ ਰਹੀ। ਇਹ ਰਫਤਾਰ ਵਿੱਤੀ ਸਾਲ ਦੇ ਅਖੀਰ ’ਚ ਵੀ ਜਾਰੀ ਰਹੇਗੀ ਅਤੇ ਅਸੀਂ 41.67 ਅਰਬ ਡਾਲਰ ਦੀ ਬਰਾਮਦ ਦੇ ਤੈਅ ਟੀਚੇ ਦੇ ਕਰੀਬ ਪਹੁੰਚ ਜਾਵਾਂਗੇ। ਬਿਆਨ ਮੁਤਾਬਕ ਤਰਾਸ਼ੇ ਅਤੇ ਪਾਲਿਸ਼ ਵਾਲੇ ਹੀਰਿਆਂ ਦੀ ਬਰਾਮਦ ਅਪ੍ਰੈਲ-ਦਸੰਬਰ 2021 ਦਰਮਿਆਨ 23 ਫੀਸਦੀ ਵਧ ਕੇ 18 ਅਰਬ ਡਾਲਰ ਅਤੇ ਸੋਨੇ ਦੇ ਗਹਿਣਿਆਂ ਦੀ ਬਰਾਮਦ 25.41 ਫੀਸਦੀ ਦੇ ਵਾਧੇ ਨਾਲ 6.91 ਅਰਬ ਡਾਲਰ ’ਤੇ ਪਹੁੰਚ ਗਈ।