ਕੰਧਾਰੀ ਅਨਾਰ ’ਤੇ ਕੀੜਿਆਂ ਤੇ ਬਰਾਮਦ ਸੰਕਟ ਦੀ ਮਾਰ

11/18/2019 11:01:53 AM

ਕੰਧਾਰ — ਦੱਖਣ ਅਫਗਾਨਿਸਤਾਨ ’ਚ ਅਨਾਰ ਦਾ ਕਾਰੋਬਾਰ ਇਸ ਸਾਲ ਸਰਦ ਮੌਸਮ, ਕੀੜਿਆਂ ਅਤੇ ਬਰਾਮਦ ਸੰਕਟ ਦੀ ਮਾਰ ਝੱਲ ਰਿਹਾ ਹੈ, ਜੋ ਇਸ ਦੇਸ਼ ’ਚ ਅਫੀਮ ਦੀ ਖੇਤੀ ਦਾ ਇਕ ਮਹੱਤਵਪੂਰਨ ਬਦਲ ਹੈ। ਕੰਧਾਰ ਸੂਬੇ ਦੇ ਅਨਾਰ ਦੁਨੀਆ ਭਰ ’ਚ ਪ੍ਰਸਿੱਧ ਹਨ, ਜਿਨ੍ਹਾਂ ਦਾ ਆਕਾਰ ਛੋਟੇ ਤਰਬੂਜ਼ ਜਿੰਨਾ ਹੁੰਦਾ ਹੈ। ਇਹ ਕਾਫ਼ੀ ਰਸਦਾਰ ਹੁੰਦੇ ਹਨ। ਹਰ ਸਾਲ ਇਸ ਮੌਸਮ ’ਚ ਅਨਾਰ ਪੱਕਣ ਦੇ ਨਾਲ ਹੀ ਇਨ੍ਹਾਂ ਦਾ ਜੂਸ ਅਫਗਾਨ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ’ਚ ਸ਼ਾਮਲ ਹੋ ਜਾਂਦਾ ਹੈ।

ਕੰਧਾਰ ਦੇ ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਉੱਲੀ ਅਤੇ ਨੁਕਸਾਨਦਾਇਕ ਕੀੜੇ ਇਸ ਮੌਸਮ ਦੀ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ। ਨਾਲ ਹੀ ਗੁਆਂਢੀ ਪਾਕਿਸਤਾਨ ਦੀ ਨਵੀਂ ਟੈਕਸ ਵਿਵਸਥਾ ਬਰਾਮਦ ਬਾਜ਼ਾਰ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸੂਬੇ ਦੇ ਚੈਂਬਰ ਆਫ ਕਾਮਰਸ ਦੇ ਮੁਖੀ ਨਸਰੁੱਲਾ ਜ਼ਹੀਰ ਨੇ ਕਿਹਾ ਕਿ ਸਵਾਦ ਅਤੇ ਰੰਗ ਦੇ ਲਿਹਾਜ਼ ਨਾਲ ਕੰਧਾਰ ਦੇ ਅਨਾਰ ਦੁਨੀਆ ’ਚ ਸਭ ਤੋਂ ਉੱਤਮ ਹਨ। ਕੰਧਾਰ ’ਚ ਇਕ ਮੱਧ ਆਕਾਰ ਦੇ ਅਨਾਰ ਦੀ ਕੀਮਤ ਲਗਭਗ 15 ਅਮਰੀਕੀ ਸੈਂਟ ਦੇ ਬਰਾਬਰ ਹੁੰਦੀ ਹੈ ਪਰ ਕਾਬੁਲ ਪੁੱਜਣ ਤੱਕ ਉਸ ਦੀ ਕੀਮਤ ਲਗਭਗ 3 ਗੁਣਾ ਹੋ ਜਾਂਦੀ ਹੈ।

ਕਈ ਕਿਸਾਨਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਇਸ ਸਾਲ ਅਨਾਰ ਦਰਾਮਦ ’ਤੇ ਭਾਰੀ ਡਿਊਟੀ ਲਾਈ ਹੈ। ਇਸ ਨਾਲ ਅਫਗਾਨਿਸਤਾਨ ਦੇ ਕੁੱਝ ਹਿੱਸਿਆਂ ’ਚ ਪੈਦਾਵਾਰ ’ਚ ਗਿਰਾਵਟ ਦੇ ਬਾਵਜੂਦ ਘਰੇਲੂ ਬਾਜ਼ਾਰ ’ਚ ਬਹੁਤ ਜ਼ਿਆਦਾ ਸਪਲਾਈ ਹੋਈ ਹੈ ਅਤੇ ਕੀਮਤਾਂ ’ਚ ਭਾਰੀ ਕਮੀ ਆਈ ਹੈ। ਕੰਧਾਰ ਚੈਂਬਰ ਆਫ ਕਾਮਰਸ ਦੇ ਡਿਪਟੀ ਡਾਇਰੈਕਟਰ ਅਬਦੁਲ ਬੱਕੀ ਬੀਨਾ ਨੇ ਕਿਹਾ ਕਿ ਭਾਰਤ, ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਸਮੇਤ ਲਗਭਗ 40 ਤੋਂ 50 ਹਜ਼ਾਰ ਟਨ ਅਨਾਰ ਦੀ ਸਾਲਾਨਾ ਬਰਾਮਦ ਕੀਤੀ ਜਾਂਦੀ ਹੈ।


Related News