ਹਰ ਐਤਵਾਰ ਬੰਦ ਰਹਿਣਗੇ ਪੈਟਰੋਲ ਪੰਪ, ਜਾਣੋ ਕਿੱਥੇ ਹੋਵੇਗਾ ਅਸਰ

04/19/2017 3:45:03 PM

ਨਵੀਂ ਦਿੱਲੀ— 14 ਮਈ ਤੋਂ ਦੇਸ਼ ਦੇ 8 ਸੂਬਿਆਂ ''ਚ ਪੈਟਰੋਲ ਪੰਪ ਹਰ ਐਤਵਾਰ ਨੂੰ ਬੰਦ ਰਹਿਣਗੇ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ''ਮਨ ਕੀ ਬਾਤ'' ਪ੍ਰੋਗਰਾਮ ''ਚ ਕੀਤੀ ਗਈ ਉਸ ਬੇਨਤੀ ਨੂੰ ਦੇਖਦੇ ਹੋਏ ਲਿਆ ਗਿਆ ਹੈ, ਜਿਸ ''ਚ ਉਨ੍ਹਾਂ ਨੇ ਤੇਲ ਬਚਾਉਣ ਲਈ ਦੇਸ਼ ਦੇ ਲੋਕਾਂ ਨੂੰ ਇਕ ਦਿਨ ਪੈਟਰੋਲ-ਡੀਜ਼ਲ ਦੀ ਵਰਤੋਂ ਨਾ ਕਰਨ ਦੀ ਗੱਲ ਕਹੀ ਸੀ। ਇਸ ਤਹਿਤ ਪੈਟਰੋਲ ਪੰਪ ਡੀਲਰਾਂ ਨੇ ਹਰਿਆਣਾ, ਕਰਨਾਟਕ, ਪੁਡੂਚੇਰੀ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਤੇਲੰਗਾਨਾ ਅਤੇ ਮਹਾਰਾਸ਼ਟਰ ''ਚ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਹਿਸਾਬ ਨਾਲ ਹਰ ਐਤਵਾਰ ਨੂੰ ਲਗਭਗ 20,000 ਪੈਟਰੋਲ ਪੰਪ 24 ਘੰਟੇ ਬੰਦ ਰਹਿਣਗੇ।

ਭਾਰਤੀ ਪੈਟਰੋਲੀਅਮ ਡੀਲਰਜ਼ ਸੰਗਠਨ ਦੇ ਮੈਂਬਰ ਸੁਰੇਸ਼ ਕੁਮਾਰ ਨੇ ਕਿਹਾ, ''ਕੁਝ ਸਾਲ ਪਹਿਲਾਂ ਅਸੀਂ ਤੈਅ ਕੀਤਾ ਸੀ ਕਿ ਹਰ ਐਤਵਾਰ ਪੰਪ ਬੰਦ ਰਖਾਂਗੇ ਪਰ ਤੇਲ ਕੰਪਨੀਆਂ ਨੇ ਉਸ ਸਮੇਂ ਸਾਨੂੰ ਫੈਸਲੇ ''ਤੇ ਮੁੜ ਵਿਚਾਰ ਨੂੰ ਕਿਹਾ ਸੀ, ਜਿਸ ਦੇ ਮੱਦੇਨਜ਼ਰ ਫੈਸਲਾ ਅਮਲ ''ਚ ਨਹੀਂ ਲਿਆਂਦਾ ਜਾ ਸਕਿਆ ਪਰ ਹੁਣ ਅਸੀਂ ਪੈਟਰੋਲ ਪੰਪਾਂ ਨੂੰ ਐਤਵਾਰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ।''

ਕੁਮਾਰ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਦੇ ਮੱਦੇਨਜ਼ਰ ਇਕੱਲੇ ਤਾਮਿਲਨਾਡੂ ''ਚ ਸਾਨੂੰ 150 ਕਰੋੜ ਦਾ ਘਾਟਾ ਹੋਣ ਦਾ ਖਦਸ਼ਾ ਵੀ ਹੈ ਪਰ ਅਸੀਂ ਦੇਖਿਆ ਹੈ ਕਿ ਐਤਵਾਰ ਦੇ ਦਿਨ ਉਂਝ ਵੀ ਵਿਕਰੀ ''ਚ 40 ਫੀਸਦੀ ਦੀ ਕਮੀ ਆ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਤੇਲ ਕੰਪਨੀਆਂ ਨੂੰ ਵੀ ਇਸ ਫੈਸਲੇ ਦੀ ਜਾਣਕਾਰੀ ਜਲਦ ਦੇ ਦਿੱਤੀ ਜਾਵੇਗੀ।


Related News