ਵਧੀਆ ਮਾਨਸੂਨ ਵੀ ਘਰੇਲੂ ਵਿਕਰੀ ''ਚ ਨਹੀਂ ਭਰ ਸਕਿਆ ਉਤਸ਼ਾਹ

01/03/2020 4:48:01 PM

ਕੋਲਕਾਤਾ — FMCG ਖੇਤਰ ਦੀ ਕੰਪਨੀ ਮੈਰਿਕੋ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਤੀਜੀ ਤਿਮਾਹੀ 'ਚ ਖਪਤ ਉਮੀਦਾਂ ਅਨੁਸਾਰ ਨਹੀਂ ਰਹੀ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਤੀਜੀ ਤਿਮਾਹੀ 'ਚ ਵੀ ਮੰਗ ਸੁਧਰਣ ਦਾ ਸੰਕੇਤ ਨਹੀਂ ਮਿਲਿਆ। ਕੰਪਨੀ ਨੇ ਬੰਬਈ ਸਟਾਕ  ਐਕਸਚੇਂਜ(BSE) ਨੂੰ ਲਿਖੇ ਪੱਤਰ 'ਚ ਕਿਹਾ, 'ਕੰਪਨੀ ਦੇ ਪਰਸਨਲ ਕੇਅਰ ਸੈਕਟਰ' 'ਚ ਵਾਧਾ ਦਰ ਕਮਜ਼ੋਰ ਰਹੀ ਜਦੋਂਕਿ ਖੁਰਾਕ ਅਤੇ ਸਹਾਇਕ ਸ਼੍ਰੇਣੀਆਂ ਦਾ ਪ੍ਰਦਰਸ਼ਨ ਬਿਹਤਰ ਰਿਹਾ। 31 ਦਸੰਬਰ 2019 ਨੂੰ ਖਤਮ ਤਿਮਾਹੀ ਲਈ ਕਾਰੋਬਾਰੀ ਪ੍ਰਦਰਸ਼ਨ ਰਿਪੋਰਟ BSE ਨੂੰ ਭੇਜਣ ਦੇ ਬਾਅਦ ਕੰਪਨੀ ਦਾ ਸ਼ੇਅਰ 2.45 ਫੀਸਦੀ ਫਿਸਲ ਕੇ 337.45 ਰੁਪਏ 'ਤੇ ਬੰਦ ਹੋਇਆ। ਮੈਰਿਕੋ ਨੇ ਕਿਹਾ ਕਿ ਨਾਰੀਅਲ ਅਤੇ ਕੇਸ਼ ਤੇਲ ਵਰਗੇ ਉਤਪਾਦਾਂ ਦਾ ਪ੍ਰਦਰਸ਼ਨ ਕਮਜ਼ੋਰ ਰਹਿਣ ਨਾਲ ਤੀਜੀ ਤਿਮਾਹੀ ਦੌਰਾਨ ਘੇਰਲੂ ਵਿਕਰੀ ਪ੍ਰਭਾਵਿਤ ਹੋਈ। ਕੰਪਨੀ ਨੇ ਕਿਹਾ ਕਿ ਇਸ ਦਾ ਸਿੱਧਾ ਮਤਲਬ ਹੈ ਕਿ ਲੋਕ ਅਜੇ ਇਨ੍ਹਾਂ ਉਤਪਾਦਾਂ ਦੀ ਖਰੀਦਦਾਰੀ ਨੂੰ ਤਰਜੀਹ ਨਹੀਂ ਦੇ ਰਹੇ।

ਹਿੰਦੁਸਤਾਨ ਯੂਨੀਲੀਵਰ ਦੀ ਰਾਏ

ਇਸੇ ਸੈਕਟਰ ਦੀ ਇਕ ਹੋਰ ਕੰਪਨੀ ਹਿੰਦੁਸਤਾਨ ਯੂਨੀਲੀਵਰ(HUL) ਨੇ ਵੀ ਦੂਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਨ ਸਮੇਂ ਹਾਲਾਤ ਨੂੰ ਚੁਣੌਤੀਪੂਰਨ ਦੱਸਿਆ। ਕੰਪਨੀ ਨੇ ਇਹ ਵਿਸ਼ਵਾਸ ਜ਼ਰੂਰ ਜ਼ਾਹਰ ਕੀਤਾ ਕਿ ਪੇਂਡੂ ਖੇਤਰ 'ਚ ਲੋਕਾਂ ਦੀ ਆਮਦਨ ਵਧਾਉਣ ਲਈ ਭਾਰਤੀ ਰਿਜ਼ਰਵ ਬੈਂਕ ਅਤੇ ਸਰਕਾਰ ਬਣਦੇ ਉਪਾਅ ਜ਼ਰੂਰ ਕਰਨਗੇ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਨੇੜਲੇ ਭਵਿੱਖ 'ਚ ਮੰਗ 'ਚ ਸੁਧਾਰ ਦੇ ਆਸਾਰ ਦਿਖਾਈ ਨਹੀਂ ਦੇ ਰਹੇ।

ਇਮਾਮੀ ਲਿਮਟਿਡ ਦੀ ਰਾਏ

ਇਮਾਮੀ ਲਿਮਟਿਡ 'ਚ ਨਿਦੇਸ਼ਕ ਮੋਹਨ ਗੋਇਨਕਾ ਨੇ ਕਿਹਾ, 'ਮਾਨਸੂਨ ਵਧੀਆ ਰਹਿਣ ਦੇ ਬਾਵਜੂਦ ਦਿਹਾਤੀ ਖੇਤਰਾਂ ਦੀ ਮੰਗ ਨਹੀਂ ਸੁਧਰੀ ਹੈ। ਹਾਲਾਂਕਿ ਹੋਲੀ-ਹੋਲੀ ਸਥਿਤੀ 'ਚ ਸੁਧਾਰ ਜ਼ਰੂਰ ਦਿਖਾਈ ਦੇ ਰਿਹਾ ਹੈ ਅਤੇ ਅਗਲੀ 2-3 ਤਿਮਾਹੀਆਂ 'ਚ ਮੰਗ 'ਚ ਤੇਜ਼ੀ ਦਿਖਣੀ ਚਾਹੀਦੀ ਹੈ।' ਇਮਾਮੀ ਦੀ ਕੁੱਲ ਸਾਲਾਨਾ ਵਿਕਰੀ 'ਚ ਪੇਂਡੂ ਖੇਤਰਾਂ ਦੀ ਹਿੱਸੇਦਾਰੀ 45 ਤੋਂ 50 ਫੀਸਦੀ ਤੱਕ ਰਹਿੰਦੀ ਹੈ। ਰੇਟਿੰਗ ਏਜੰਸੀ ਕੇਅਰ ਰੇਟਿੰਗ ਦਾ ਕਹਿਣਾ ਹੈ ਕਿ 2018-19 'ਚ ਦਰਜ 5 ਫੀਸਦੀ ਵਾਧਾ ਦਰ ਦੇ ਮੁਕਾਬਲੇ ਚਾਲੂ ਵਿੱਤੀ ਸਾਲ 'ਚ ਇਹ ਰਫਤਾਰ ਸਿਰਫ 2 ਫੀਸਦੀ ਰਹਿ ਸਕਦੀ ਹੈ। ਏਜੰਸੀ ਅਨੁਸਾਰ ਸੰਤਬਰ 2020 ਦੇ ਆਖਿਰ ਤੱਕ ਕਾਰੋਬਾਰ ਪਟੜੀ 'ਤੇ ਆ ਸਕਦੇ ਹਨ। ਕੰਪਨੀ ਦਾ ਮੰਨਣਾ ਹੈ ਕਿ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ 'ਚ ਵਿਅਕਤੀਗਤ ਆਮਦਨ ਟੈਕਸ 'ਚ ਕਮੀ ਨਾਲ ਉਪਭੋਗਤਾਵਾਂ ਦਾ ਉਤਸ਼ਾਹ ਵਧ ਸਕਦਾ ਹੈ ਜਿਸ ਨਾਲ ਉਹ ਉਪਭੋਗ 'ਤੇ ਵਧ ਖਰਚਾ ਕਰਨ ਦੇ ਸਮਰੱਥ ਹੋ ਸਕਦੇ ਹਨ। ਕਾਰੋਬਾਰ ਦੀ ਪਹੁੰਚ ਵਧਾਉਣ ਅਤੇ ਡਿਸਟ੍ਰੀਬਿਊਟ ਸਿਸਟਮ ਮਜ਼ਬੂਤ ਕਰਨ ਤੋਂ ਇਲਾਵਾ ਪੇਂਡੂ ਖੇਤਰ ਵਿਚ ਦੂਰ-ਦੂਰ ਤੱਕ ਕਾਰੋਬਾਰ ਪਹੁੰਚਾਉਣ ਨਾਲ ਵੀ ਇਨ੍ਹਾਂ ਕੰਪਨੀਆਂ ਦੀ ਸਥਿਤੀ 'ਚ ਸੁਧਾਰ ਹੋ ਸਕਦਾ ਹੈ। 


Related News