ਵੱਡੀ ਖ਼ਬਰ! ਯੂਰੋ ਕੰਰਸੀ ਨੂੰ ਲੈ ਕੇ ਇਹ ਫ਼ੈਸਲਾ ਲੈਣ ਜਾ ਰਿਹੈ ਯੂਰਪੀ ਸੈਂਟਰਲ ਬੈਂਕ

Sunday, Oct 11, 2020 - 03:03 PM (IST)

ਵੱਡੀ ਖ਼ਬਰ! ਯੂਰੋ ਕੰਰਸੀ ਨੂੰ ਲੈ ਕੇ ਇਹ ਫ਼ੈਸਲਾ ਲੈਣ ਜਾ ਰਿਹੈ ਯੂਰਪੀ ਸੈਂਟਰਲ ਬੈਂਕ

ਬਰਲਿਨ— ਕ੍ਰਿਪਟੋ ਕਰੰਸੀ ਦੇ ਰੌਲੇ ਵਿਚਕਾਰ ਭਵਿੱਖ 'ਚ ਯੂਰੋ ਕਰੰਸੀ ਵੀ ਡਿਜੀਟਲ ਰੂਪ 'ਚ ਲਾਂਚ ਕੀਤੀ ਜਾ ਸਕਦੀ ਹੈ। ਇਸ ਲਈ ਯੂਰਪੀ ਸੈਂਟਰਲ ਬੈਂਕ ਸੋਮਵਾਰ ਤੋਂ ਜਨਤਕ ਸਲਾਹ-ਮਸ਼ਵਰਾ ਸ਼ੁਰੂ ਕਰਨ ਦੇ ਨਾਲ-ਨਾਲ ਇਸ ਦਾ ਪ੍ਰੀਖਣ ਕਰਨ ਜਾ ਰਿਹਾ ਹੈ ਤਾਂ ਜੋ ਇਹ ਫ਼ੈਸਲਾ ਲੈਣ 'ਚ ਮਦਦ ਮਿਲ ਸਕੇ ਕਿ 'ਡਿਜੀਟਲ ਯੂਰੋ' ਬਣਾਇਆ ਜਾਵੇ ਜਾਂ ਨਹੀਂ। 'ਡਿਜੀਟਲ ਯੂਰੋ' ਯੂਰੋ ਨੋਟਾਂ ਅਤੇ ਸਿੱਕਿਆਂ ਦਾ ਇਕ ਇਲੈਕਟ੍ਰਾਨਿਕ ਸੰਸਕਰਣ ਹੋਵੇਗਾ, ਜੋ ਯੂਰਪੀ ਸੈਂਟਰਲ ਬੈਂਕ ਵੱਲੋਂ ਕਾਨੂੰਨੀ ਤੌਰ 'ਤੇ ਪ੍ਰਵਾਨਿਤ ਹੋਵੇਗਾ। ਯੂਰਪੀ ਸੈਂਟਰਲ ਬੈਂਕ (ਈ. ਸੀ. ਬੀ.) ਦਾ ਕਹਿਣਾ ਹੈ ਕਿ 'ਡਿਜੀਟਲ ਯੂਰੋ' ਨਾਲ ਨਾਗਰਿਕ ਤੇ ਫਰਮਾਂ ਰੋਜ਼ਾਨਾ ਦੇ ਭੁਗਤਾਨ ਤੇਜ਼ੀ, ਆਸਾਨੀ ਅਤੇ ਸੁਰੱਖਿਅਤ ਤਰੀਕੇ ਨਾਲ ਕਰ ਸਕਣਗੇ। ਹਾਲਾਂਕਿ, ਈ. ਸੀ. ਬੀ. ਨੇ ਜ਼ੋਰ ਦੇ ਕੇ ਕਿਹਾ ਕਿ 'ਡਿਜੀਟਲ ਯੂਰੋ' ਨਾਲ ਨਕਦੀ ਦੀ ਪ੍ਰਣਾਲੀ ਬੰਦ ਨਹੀਂ ਹੋਵੇਗੀ, ਯਾਨੀ ਇਸ ਦੇ ਆਉਣ ਨਾਲ ਨੋਟ ਅਤੇ ਸਿੱਕੇ ਬੰਦ ਨਹੀਂ ਕੀਤੇ ਜਾਣਗੇ।

ਹੁਣ ਹੀ ਕਿਉਂ ਹੋ ਰਿਹੈ ਵਿਚਾਰ-
ਈ. ਸੀ. ਬੀ. ਇਹ ਵਿਚਾਰ ਇਸ ਸਮੇਂ ਇਸ ਲਈ ਕਰਨ ਜਾ ਰਿਹਾ ਹੈ ਕਿਉਂਕਿ ਨੋਟਾਂ ਤੇ ਸਿੱਕਿਆਂ ਤੋਂ ਕੋਰੋਨਾ ਵਾਇਰਸ ਦੇ ਫੈਲਣ ਦੇ ਡਰੋਂ ਲੋਕ ਇਲੈਕਟ੍ਰਾਨਿਕ ਲੈਣ-ਦੇਣ ਨੂੰ ਤਵੱਜੋ ਦੇਣ ਲੱਗੇ ਹਨ। ਯੂਰੋਮਾਨੀਟਰ ਇੰਟਰਨੈਸ਼ਨਲ ਦੀ ਇਕ ਤਾਜ਼ਾ ਰਿਪੋਰਟ ਮੁਤਾਬਕ, ਇੱਥੋਂ ਤੱਕ ਕਿ ਜਰਮਨੀ ਜਿੱਥੇ ਨਕਦੀ ਨੂੰ ਰਾਜਾ ਕਿਹਾ ਜਾਂਦਾ ਹੈ, ਉੱਥੇ ਇਸ ਸਾਲ ਲੋਕਾਂ ਵੱਲੋਂ ਪਹਿਲੀ ਵਾਰ ਨਕਦੀ ਨਾਲੋਂ ਕਾਰਡ ਜ਼ਰੀਏ ਜ਼ਿਆਦਾ ਪੈਸਾ ਖਰਚ ਕੀਤੇ ਜਾਣ ਦੀ ਉਮੀਦ ਹੈ।

PunjabKesari
ਉੱਥੇ ਹੀ, ਇਸ ਵਿਚਕਾਰ ਨਿੱਜੀ ਕ੍ਰਿਪਟੋ ਕਰੰਸੀਆਂ ਦੇ ਵੱਧ ਰਹੇ ਰੁਝਾਨ ਨੇ ਨੀਤੀ ਨਿਰਮਤਾਵਾਂ 'ਚ ਚਿੰਤਾ ਪੈਦਾ ਕਰ ਦਿੱਤੀ ਹੈ। ਵਿਸ਼ਵ ਭਰ ਦੇ ਹੋਰ ਕੇਂਦਰੀ ਬੈਂਕਾਂ ਦੀ ਤਰ੍ਹਾਂ ਈ. ਸੀ. ਬੀ. ਵੀ ਬਿਟਕੁਆਇਨ ਅਤੇ ਫੇਸਬੁੱਕ ਵੱਲੋਂ ਅਜੇ ਜਾਰੀ ਕੀਤੇ ਜਾਣ ਵਾਲੀ ਲਿਬਰਾ ਨੂੰ ਲੈ ਕੇ ਸੁਚੇਤ ਹੈ। ਸੈਂਟਰਲ ਬੈਂਕ ਨੂੰ ਡਰ ਹੈ ਕਿ ਜੇਕਰ ਯੂਰੋਜ਼ੋਨ ਦੇ ਲੋਕ ਈ. ਸੀ. ਬੀ. ਦੀ ਪਹੁੰਚ ਤੋਂ ਬਾਹਰ ਚੱਲਣ ਵਾਲੀਆਂ ਵਰਚੁਅਲ ਕਰੰਸੀਆਂ ਦਾ ਇਸਤੇਮਾਲ ਕਰਨਗੇ ਤਾਂ ਇਸ ਨਾਲ ਉਸ ਦੀ ਕਰੰਸੀ ਨੀਤੀ ਉਪਾਵਾਂ ਨੂੰ ਵੱਡਾ ਝਟਕਾ ਲੱਗੇਗਾ।

ਪਿਕਟ ਵੈਲਥ ਮੈਨੇਜਮੈਂਟ ਦੇ ਅਰਥਸ਼ਾਸਤਰੀ ਫ੍ਰੈਡਰਿਕ ਡੁਕਰੋਜ਼ੈਟ ਨੇ ਕਿਹਾ ਕਿ ਫੇਸਬੁੱਕ ਦੀ 'ਲਿਬਰਾ' ਬਣਾਉਣ ਦੀ ਯੋਜਨਾ ਨੇ ਕੇਂਦਰਾਂ ਬੈਂਕਾਂ ਨੂੰ ਇਸ ਵਿਸ਼ੇ 'ਤੇ ਸੋਚਣ ਲਈ ਮਜ਼ਬੂਰ ਕੀਤਾ ਹੈ। ਯੂਰਪੀ ਸੈਂਟਰਲ ਬੈਂਕ ਨੇ ਇਸ 'ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਉਹ 2021 ਦੇ ਅੱਧ ਤੱਕ ਇਹ ਫੈਸਲਾ ਕਰੇਗਾ ਕਿ ਇਹ ਪ੍ਰਾਜੈਕਟ ਲਾਂਚ ਕੀਤਾ ਜਾਵੇ ਜਾਂ ਨਹੀਂ। ਇਸ ਲਈ ਜਲਦ ਡਿਜੀਟਲ ਯੂਰੋ ਵਾਲਿਟ 'ਚ ਸਟੋਰ ਨਹੀਂ ਹੋਣ ਵਾਲਾ।


author

Sanjeev

Content Editor

Related News