ਗੂਗਲ, ਫੇਸਬੁੱਕ ''ਤੇ ਟੈਕਸ, ਐਮਾਜ਼ੋਨ ਨੂੰ ਲੱਗੇਗਾ ਤਗੜਾ ਝਟਕਾ!
Friday, Mar 16, 2018 - 02:29 PM (IST)

ਨਵੀਂ ਦਿੱਲੀ— ਯੂਰਪੀ ਸੰਘ 'ਚ ਅਮਰੀਕੀ ਕੰਪਨੀਆਂ ਗੂਗਲ, ਫੇਸਬੁੱਕ 'ਤੇ ਜਲਦ ਹੀ ਟੈਕਸ ਲਗਾਇਆ ਜਾ ਸਕਦਾ ਹੈ। ਯੂਰਪੀ ਕਮਿਸ਼ਨ ਨੇ ਗੂਗਲ ਅਤੇ ਫੇਸਬੁੱਕ ਵਰਗੀਆਂ ਤਕਨਾਲੋਜੀ ਕੰਪਨੀਆਂ ਦੇ ਕੁੱਲ ਕਾਰੋਬਾਰ 'ਤੇ 3 ਫੀਸਦੀ ਟੈਕਸ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਯੂਰਪ ਦੇ 28 ਦੇਸ਼ਾਂ 'ਚ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਜਿਨ੍ਹਾਂ ਦੀ ਆਮਦਨ ਡਿਜੀਟਲ ਕਾਰੋਬਾਰ ਤੋਂ ਆਉਂਦੀ ਹੈ, ਉਨ੍ਹਾਂ ਦੇ ਕਾਰੋਬਾਰ 'ਤੇ 3 ਫੀਸਦੀ ਟੈਕਸ ਲਗਾਇਆ ਜਾਵੇਗਾ। ਯੂਰਪੀ ਕਮਿਸ਼ਨ ਨੇ ਪਹਿਲੀ ਵਾਰ ਡਿਜੀਟਲ ਟੈਕਸ ਲਾਉਣ ਦਾ ਪ੍ਰਸਤਾਵ ਦਿੱਤਾ ਹੈ।
ਇਸ ਨਵੇਂ ਟੈਕਸ ਨਾਲ ਗੂਗਲ, ਫੇਸਬੁੱਕ ਦੇ ਇਲਾਵਾ ਉਬੇਰ ਅਤੇ ਐਮਾਜ਼ੋਨ ਵੀ ਪ੍ਰਭਾਵਿਤ ਹੋਣਗੇ ਕਿਉਂਕਿ ਇਨ੍ਹਾਂ ਨੂੰ ਆਪਣੀ ਕੁੱਲ ਆਮਦਨੀ 'ਚੋਂ ਹੋਰ ਟੈਕਸਾਂ ਦੇ ਇਲਾਵਾ 3 ਫੀਸਦੀ ਡਿਜੀਟਲ ਟੈਕਸ ਵੀ ਦੇਣਾ ਹੋਵੇਗਾ। ਇਹ ਪ੍ਰਸਤਾਵ ਅਗਲੇ ਹਫਤੇ ਅਪਣਾਏ ਜਾਣ ਦੀ ਸੰਭਾਵਨਾ ਹੈ। ਜੇਕਰ ਇਸ ਟੈਕਸ ਨੂੰ ਯੂਰਪ ਦੇ ਦੇਸ਼ਾਂ ਅਤੇ ਕਾਨੂੰਨ ਨਿਰਮਾਤਾਵਾਂ ਦਾ ਸਮਰਥਨ ਮਿਲਦਾ ਹੈ, ਤਾਂ ਇਹ ਸਿਰਫ ਵਿਸ਼ਵ ਵਿਆਪੀ 750 ਮਿਲੀਅਨ ਯੂਰੋ ਤੋਂ ਵਧ ਦੀ ਸਾਲਾਨਾ ਆਮਦਨ ਵਾਲੀਆਂ ਵੱਡੀਆਂ ਕੰਪਨੀਆਂ ਅਤੇ ਯੂਰਪੀ ਸੰਘ 'ਚ 50 ਮਿਲੀਅਨ ਯੂਰੋ ਤੋਂ ਵਧ ਸਾਲਾਨਾ ਟੈਕਸਯੋਗ ਆਮਦਨ ਵਾਲੀਆਂ ਕੰਪਨੀਆਂ 'ਤੇ ਲਾਗੂ ਹੋਵੇਗਾ। ਯੂਰਪੀ ਸੰਘ 'ਚ ਡਿਜੀਟਲ ਟੈਕਸ ਲਾਉਣ ਨਾਲ ਸਭ ਤੋਂ ਵੱਡਾ ਝਟਕਾ ਐਮਾਜ਼ੋਨ ਨੂੰ ਲੱਗੇਗਾ ਕਿਉਂਕਿ ਇਹ ਆਮ ਤੌਰ 'ਤੇ ਘਾਟੇ 'ਚ ਹੀ ਕੰਮ ਕਰਦੀ ਹੈ। ਅਜਿਹੇ 'ਚ ਕੁੱਲ ਕਾਰੋਬਾਰ 'ਤੇ ਡਿਜੀਟਲ ਟੈਕਸ ਨਾਲ ਇਸ ਦੀ ਹਾਲਤ ਹੋਰ ਪਤਲੀ ਹੋ ਸਕਦੀ ਹੈ। ਡਿਜੀਟਲ ਟੈਕਸ ਉਹ ਟੈਕਸ ਹੈ ਜੋ ਕਿ ਉਸ ਕੰਪਨੀ 'ਤੇ ਲਗਾਇਆ ਜਾਂਦਾ ਹੈ, ਜਿਸ ਦਾ ਦਫਤਰ ਉਸ ਦੇਸ਼ 'ਚ ਨਹੀਂ ਹੁੰਦਾ ਪਰ ਕੰਪਨੀ ਉੱਥੇ ਡਿਜੀਟਲੀ ਮੁਨਾਫਾ ਕਮਾ ਰਹੀ ਹੁੰਦੀ ਹੈ।